ਵਿਦੇਸ਼ ਭੇਜਣ ਦੇ ਨਾਂ 'ਤੇ ਟਰੈਵਲ ਏਜੰਟ ਨੇ ਠੱਗੇ ਲੱਖਾਂ ਰੁਪਏ

Friday, Aug 11, 2017 - 07:51 AM (IST)

ਵਿਦੇਸ਼ ਭੇਜਣ ਦੇ ਨਾਂ 'ਤੇ ਟਰੈਵਲ ਏਜੰਟ ਨੇ ਠੱਗੇ ਲੱਖਾਂ ਰੁਪਏ

ਮੋਗਾ  (ਆਜ਼ਾਦ) - ਇੱਥੋਂ ਦੇ ਕਸਬਾ ਅਜੀਤਵਾਲ ਨਿਵਾਸੀ ਲਖਵਿੰਦਰ ਸਿੰਘ ਨੇ ਮੋਗਾ ਦੇ ਇਕ ਟਰੈਵਲ ਏਜੰਟ 'ਤੇ ਉਸ ਨੂੰ ਅਤੇ ਕਈ ਹੋਰ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਦੋਸ਼ੀ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ 'ਤੇ ਐੱਸ. ਪੀ. (ਐੱਚ.) ਮੋਗਾ ਵੱਲੋਂ ਜਾਂਚ ਕੀਤੀ ਗਈ। ਜਾਂਚ ਸਮੇਂ ਪਤਾ ਲੱਗਾ ਕਿ ਦੋਸ਼ੀ ਟਰੈਵਲ ਏਜੰਟ ਨੇ ਲਖਵਿੰਦਰ ਸਿੰਘ ਤੋਂ ਇਲਾਵਾ ਹਰਪਾਲ ਸਿੰਘ ਪੁੱਤਰ ਸੇਵਕ ਸਿੰਘ ਨਿਵਾਸੀ ਪਿੰਡ ਨੱਥੂਵਾਲਾ ਗਰਬੀ ਤੋਂ 1 ਲੱਖ 50 ਹਜ਼ਾਰ ਰੁਪਏ, ਸੁਰਜੀਤ ਸਿੰਘ ਪੁੱਤਰ ਮੇਜਰ ਸਿੰਘ ਨਿਵਾਸੀ ਪਿੰਡ ਦੌਧਰ ਗਰਬੀ ਦੇ ਲੜਕੇ ਰਾਜ ਸਿੰਘ ਤੋਂ 2 ਲੱਖ ਰੁਪਏ, ਜਗਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਪਿੰਡ ਦੌਧਰ ਗਰਬੀ ਦੇ ਲੜਕੇ ਸੁਖਮੰਦਰ ਸਿੰਘ ਤੋਂ 1 ਲੱਖ 25 ਹਜ਼ਾਰ ਰੁਪਏ, ਸਾਧੂ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਪਿੰਡ ਬਹੋਨਾ ਤੋਂ 80 ਹਜ਼ਾਰ ਰੁਪਏ, ਗੁਰਤੇਜ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਪਿੰਡ ਬਹੋਨਾ ਤੋਂ 30 ਹਜ਼ਾਰ ਰੁਪਏ, ਬਲਦੇਵ ਸਿੰਘ ਪੁੱਤਰ ਜੰਗੀਰ ਸਿੰਘ ਨਿਵਾਸੀ ਪਿੰਡ ਨੱਥੂਵਾਲਾ ਗਰਬੀ ਦੇ ਲੜਕੇ ਰਣਜੀਤ ਸਿੰਘ ਨੂੰ ਮੋਰਸ਼ੀਅਸ ਭੇਜਣ ਲਈ 1 ਲੱਖ 50 ਹਜ਼ਾਰ ਰੁਪਏ, ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਨਿਵਾਸੀ ਪਿੰਡ ਬਹੋਨਾ ਦੇ ਲੜਕੇ ਗੁਰਨਾਮ ਸਿੰਘ ਤੋਂ 60 ਹਜ਼ਾਰ ਰੁਪਏ, ਲਖਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਪਿੰਡ ਅਜੀਤਵਾਲ ਤੋਂ 2 ਲੱਖ ਰੁਪਏ, ਲਖਵੀਰ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਪਿੰਡ ਦੌਲਤਪੁਰਾ ਨੀਵਾਂ ਨੂੰ ਨਾਰਵੇ ਭੇਜਣ ਦਾ ਝਾਂਸਾ ਦੇ ਕੇ 2 ਲੱਖ ਰੁਪਏ, ਗੁਰਮੀਤ ਸਿੰਘ ਪੁੱਤਰ ਮੱਖਣ ਸਿੰਘ ਨਿਵਾਸੀ ਪਿੰਡ ਚੰਦ ਨਵਾਂ ਨੂੰ ਹਾਂਗਕਾਂਗ ਭੇਜਣ ਲਈ 1 ਲੱਖ 50 ਹਜ਼ਾਰ ਰੁਪਏ ਅਤੇ ਹੋਰ ਵੀ ਕਈ ਲੋਕਾਂ ਤੋਂ ਲੱਖਾਂ ਰੁਪਏ ਉਕਤ ਟਰੈਵਲ ਏਜੰਟ ਨੇ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲੀਭੁਗਤ ਕਰ ਕੇ ਹੜੱਪੇ ਹਨ।
ਜਾਂਚ ਸਮੇਂ ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਕਿ ਦੋਸ਼ੀ ਟਰੈਵਲ ਏਜੰਟ ਤਰਸੇਮ ਸਿੰਘ ਨੇ ਸਾਡੇ ਨਾਲ 2015-16 'ਚ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਹੜੱਪੇ ਅਤੇ ਸਾਡੇ ਪਾਸਪੋਰਟਾਂ 'ਤੇ ਜਾਅਲੀ ਵੀਜ਼ੇ ਲਵਾ ਕੇ ਦਿੱਤੇ। ਇਸ ਤਰ੍ਹਾਂ ਨਾ ਤਾਂ ਸਾਨੂੰ ਉਸ ਨੇ ਵਿਦੇਸ਼ ਭੇਜਿਆ ਅਤੇ ਨਾ ਹੀ ਸਾਡੇ ਪਾਸਪੋਰਟ ਵਾਪਸ ਕੀਤੇ, ਜਿਸ 'ਤੇ ਥਾਣਾ ਸਿਟੀ ਮੋਗਾ ਵਿਖੇ ਉਸ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਉਕਤ ਮਾਮਲੇ ਦੀ ਅਗਲੇਰੀ ਜਾਂਚ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਲਖਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਅਜੀਤਵਾਲ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ। ਉਸ ਨੇ ਤਰਸੇਮ ਸਿੰਘ ਨਿਵਾਸੀ ਪਿੰਡ ਚੰਦ ਨਵਾਂ, ਜਿਸ ਨੇ ਚੱਕੀ ਵਾਲੀ ਗਲੀ ਮੋਗਾ ਵਿਖੇ ਧਾਲੀਵਾਲ ਟਰੈਵਲ ਏੇਜੰਟ ਦੇ ਨਾਂ 'ਤੇ ਆਪਣਾ ਦਫਤਰ ਖੋਲ੍ਹਿਆ ਹੋਇਆ ਸੀ। ਮੈਂ ਉਸ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਜਾਰਡਨ ਭੇਜ ਦੇਵੇਗਾ, ਜਿਸ 'ਤੇ 2 ਲੱਖ ਰੁਪਏ ਖਰਚਾ ਆਵੇਗਾ। ਮੈਂ ਉਸ ਨੂੰ ਆਪਣਾ ਪਾਸਪੋਰਟ ਅਤੇ 2 ਲੱਖ ਰੁਪਏ ਦੇ ਦਿੱਤੇ। ਉਸ ਨੇ ਕਿਹਾ ਕਿ ਉਹ ਉਸ ਨੂੰ ਵਧੀਆ ਫੈਕਟਰੀ ਵਿਚ ਕੰਮ ਲਵਾ ਦੇਵੇਗਾ ਅਤੇ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ।
ਮੈਨੂੰ ਦੋਸ਼ੀ ਟਰੈਵਲ ਏਜੰਟ ਤਰਸੇਮ ਸਿੰਘ 25 ਅਕਤੂਬਰ, 2016 ਨੂੰ ਦਿੱਲੀ ਲੈ ਗਿਆ ਅਤੇ ਕਿਹਾ ਕਿ ਅੱਜ ਤੁਹਾਡੀ ਫਲਾਈਟ ਹੈ ਪਰ ਕੁਝ ਸਮੇਂ ਬਾਅਦ ਉਸ ਨੇ ਮੈਨੂੰ ਆ ਕੇ ਕਿਹਾ ਕਿ ਤੁਹਾਡੀ ਟਿਕਟ ਕੈਂਸਲ ਹੋ ਗਈ ਹੈ ਅਤੇ ਉਸ ਨੇ ਮੈਨੂੰ 28 ਅਕਤੂਬਰ, 2016 ਨੂੰ ਇਹ ਕਹਿ ਕੇ ਜਾਰਡਨ ਭੇਜ ਦਿੱਤਾ ਕਿ ਤੁਹਾਡਾ 2 ਸਾਲ ਦਾ ਵੀਜ਼ਾ ਲੱਗਾ ਹੈ, ਜਦੋਂ ਮੈਂ ਉੱਥੇ ਜਾ ਕੇ ਦੇਖਿਆ ਤਾਂ 2 ਮਹੀਨੇ ਦਾ ਵੀਜ਼ਾ ਲੱਗਾ ਸੀ। ਮੈਂ ਬਹੁਤ ਮੁਸ਼ਕਿਲ ਨਾਲ ਉੱਥੇ ਦੋ ਮਹੀਨੇ ਗੁਜ਼ਾਰੇ ਅਤੇ ਪੁਲਸ ਦੇ ਡਰੋਂ ਵਾਪਸ ਇੰਡੀਆ ਆ ਗਿਆ ਅਤੇ ਮੈਂ ਆ ਕੇ ਉਕਤ ਏਜੰਟ ਨਾਲ ਸੰਪਰਕ ਕੀਤਾ ਅਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਮੇਰੇ ਨਾਲ ਉਸ ਨੇ 2 ਲੱਖ ਰੁਪਏ ਦੀ ਠੱਗੀ ਮਾਰੀ ਹੈ।


Related News