ਪਤੀ-ਪਤਨੀ ਨੇ ਮਿਲ ਕੇ ਵਿਦੇਸ਼ ਭੇਜਣ ਦੇ ਨਾਂ ''ਤੇ ਕੁਝ ਇਸ ਤਰ੍ਹਾਂ ਮਾਰੀ 26 ਲੱਖ ਦੀ ਠੱਗੀ

Tuesday, Aug 08, 2017 - 12:56 PM (IST)

ਦਸੂਹਾ(ਝਾਵਰ)— ਐੱਸ. ਐੱਸ. ਪੀ. ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਸੂਹਾ ਪੁਲਸ ਨੇ 3 ਟਰੈਵਲ ਏਜੰਟਾਂ ਵਿਰੁੱਧ ਵਿਦੇਸ਼ ਭੇਜਣ ਦੇ ਨਾਂ 'ਤੇ 26 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਜਿੰਦਰ ਸ਼ਰਮਾ ਅਤੇ ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਆਪ ਨੂੰ ਸਮਾਜ-ਸੇਵਕ ਦੱਸਣ ਵਾਲੇ ਗੁਰਦਿਆਲ ਸਿੰਘ ਪੁੱਤਰ ਕਰਤਾਰ ਚੰਦ ਵਾਸੀ ਖੈਰਾਬਾਦ ਅਤੇ ਉਸ ਦੀ ਪਤਨੀ ਦਵਿੰਦਰ ਕੌਰ ਅਤੇ ਇਕ ਹੋਰ ਔਰਤ ਅਕਵਿੰਦਰ ਕੌਰ ਪਤਨੀ ਰਵੇਲ ਸਿੰਘ ਵਾਸੀ ਉੱਚੀ ਬੱਸੀ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਤੋਂ ਪੈਸੇ ਠੱਗਦੇ ਸਨ। ਉਨ੍ਹਾਂ ਦੱਸਿਆ ਕਿ ਇਕ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਹਰਦੋਥਲਾ ਨੂੰ ਕੈਨੇਡਾ ਭੇਜਣ ਲਈ 13 ਲੱਖ ਰੁਪਏ ਦਾ ਸੌਦਾ ਕੀਤਾ। 
ਪਹਿਲਾਂ 5 ਲੱਖ ਰੁਪਿਆ ਇਨ੍ਹਾਂ ਤਿੰਨਾਂ ਟਰੈਵਲ ਏਜੰਟਾਂ ਨੇ ਲੈ ਲਿਆ ਅਤੇ ਫਿਰ ਐੱਚ. ਡੀ. ਐੱਫ. ਸੀ. ਬੈਂਕ 'ਚ ਹੋਰ 8 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਪਰ 2 ਸਾਲ ਬੀਤ ਜਾਣ ਦੇ ਬਾਅਦ ਵੀ ਨਾ ਹੀ ਇਨ੍ਹਾਂ ਨੇ ਸੁਖਵਿੰਦਰ ਸਿੰਘ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਨੂੰ ਪੈਸੇ ਵਾਪਸ ਕੀਤੇ। ਇਨ੍ਹਾਂ ਦੀ ਮੁਲਾਕਾਤ ਪੀਰ ਬਾਬਾ ਅਹਿਮਦ ਸ਼ਾਹ ਹਰਦੋਥਲਾ ਵਿਖੇ ਹੋਈ, ਜਿੱਥੇ ਇਨ੍ਹਾਂ ਕਿਹਾ ਕਿ ਉਹ ਇਕ ਸਮਾਜ-ਸੇਵਕ ਹਨ ਅਤੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਡੀ. ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਲਮੀਣ ਪਿੰਡ ਵਾਸੀ ਪਵਨ ਕੁਮਾਰ ਪੁੱਤਰ ਓਮ ਪ੍ਰਕਾਸ਼ ਤੋਂ ਵਿਦੇਸ਼ ਭੇਜਣ ਦੇ ਨਾਂ 'ਤੇ 13 ਲੱਖ ਰੁਪਏ ਹੋਰ ਠੱਗ ਲਏ ਪਰ ਨਾ ਹੀ ਪਵਨ ਕੁਮਾਰ ਨੂੰ ਬਾਹਰ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਉਲਟਾ ਉਸ ਨੂੰ ਧਮਕੀਆਂ ਦਿੰਦੇ ਰਹੇ। ਜਾਂਚ ਅਧਿਕਾਰੀ ਏ. ਐੱਸ. ਆਈ. ਦਲਜੀਤ ਸਿੰਘ ਅਤੇ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਉਕਤ ਟਰੈਵਲ ਏਜੰਟਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News