ਮੁੰਡੇ ਦੇ ਲੱਖਾਂ ਰੁਪਏ ਖ਼ਰਚਾ ਕੈਨੇਡਾ ਗਈ ਕੁੜੀ ਨੇ ਚਾੜ੍ਹਿਆ ਚੰਨ, ਉੱਡ ਗਏ ਹੋਸ਼ ਜਦੋਂ...
Wednesday, Oct 08, 2025 - 11:41 AM (IST)

ਖਰੜ (ਰਣਬੀਰ) : ਵਿਆਹ ਕਰਵਾ ਕੇ ਮੁੰਡੇ ਵਾਲਿਆਂ ਦੇ ਖ਼ਰਚੇ 'ਤੇ ਵਰਕ ਪਰਮਿੱਟ ਰਾਹੀਂ ਕੈਨੇਡਾ ਗਈ ਕੁੜੀ ਵੱਲੋਂ ਆਪਣੇ ਘਰਵਾਲੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ’ਚ ਮੁੱਢਲੀ ਪੜਤਾਲ ਉਪਰੰਤ ਕੈਨੇਡਾ ਗਈ ਕੁੜੀ ਅਤੇ ਉਸ ਦੇ ਪਿਓ ਖ਼ਿਲਾਫ਼ ਠੱਗੀ ਦਾ ਕੇਸ ਦਰਜ ਕੀਤਾ ਗਿਆ ਹੈ। ਖਰੜ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਆਪਣੇ ਬਿਆਨਾਂ ਰਾਹੀਂ ਦੱਸਿਆ ਕਿ ਉਸਨੇ ਅਖ਼ਬਾਰ 'ਚ ਵਿਆਹ ਲਈ ਇਸ਼ਤਿਹਾਰ ਦਿੱਤਾ ਸੀ, ਜਿਸ 'ਚ ਗ੍ਰੈਜੂਏਟ, 6.5 ਬੈਂਡ ਜੀਵਨ ਸਾਥਣ ਦੇ ਰੂਪ 'ਚ ਕੁੜੀ ਦੇ ਰਿਸ਼ਤੇ ਦੀ ਮੰਗ ਕੀਤੀ ਗਈ ਸੀ। ਇਸ ‘ਤੇ ਮੰਡੀ ਗੋਬਿੰਦਗੜ੍ਹ ਦੇ ਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੀ ਧੀ ਗੁਰਪ੍ਰੀਤ ਕੌਰ ਦਾ ਰਿਸ਼ਤਾ ਪੇਸ਼ ਕੀਤਾ। ਗੁਰਪ੍ਰੀਤ ਐੱਮ. ਫਿਲ. ਅਤੇ ਪੀ. ਟੀ. ਈ. ਪਾਸ ਸੀ। ਦੋਵਾਂ ਧਿਰਾਂ ਦੀ ਸਹਿਮਤੀ ਪਿੱਛੋਂ28 ਮਾਰਚ 2021 ਨੂੰ ਉਨ੍ਹਾਂ ਦਾ ਵਿਆਹ ਮੋਹਾਲੀ ਵਿਖੇ ਸਿੱਖ ਰੀਤੀ-ਰਿਵਾਜ਼ਾਂ ਰਾਹੀਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 3 ਘੰਟੇ ਭਾਰੀ! ਤੂਫ਼ਾਨ ਨਾਲ ਭਾਰੀ ਮੀਂਹ ਦੀ ਚਿਤਾਵਨੀ, ਸਾਵਧਾਨ ਰਹਿਣ ਲੋਕ
ਵਿਆਹ ਤੋਂ ਬਾਅਦ ਗੁਰਪ੍ਰੀਤ ਕੌਰ ਅਤੇ ਉਸਦੇ ਪਰਿਵਾਰ ਨੇ ਅੰਮ੍ਰਿਤਪਾਲ ਸਿੰਘ ‘ਤੇ ਗੁਰਪ੍ਰੀਤ ਨੂੰ ਕੈਨੇਡਾ ਭੇਜਣ ਲਈ ਦਬਾਅ ਬਣਾਇਆ। ਇਸ 'ਤੇ ਦਰਖ਼ਾਸਤ ਕਰਤਾ ਨੇ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਤੋਂ ਕਰਜ਼ਾ ਲੈ ਕੇ ਲੱਖਾਂ ਰੁਪਏ ਇਕੱਠੇ ਕੀਤੇ ਅਤੇ ਦੋ ਵਾਰ ਗੁਰਪ੍ਰੀਤ ਦਾ ਸਟੱਡੀ ਵੀਜ਼ਾ ਫਾਈਲ ਕੀਤਾ, ਪਰ ਆਈਲੈੱਟਸ ਬੈਂਡ ਘੱਟ ਹੋਣ ਕਾਰਨ ਵੀਜ਼ਾ ਰੱਦ ਹੋ ਗਿਆ। ਇਸਦੇ ਬਾਵਜੂਦ ਕੁੜੀ ਸਣੇ ਉਸਦੇ ਘਰਦਿਆਂ ਵਲੋਂ ਉਸ 'ਤੇ ਵਾਰ-ਵਾਰ ਦਬਾਅ ਪਾਏ ਜਾਣ 'ਤੇ ਅਖ਼ੀਰ 'ਚ 2023 ਵਿੱਚ ਕਰੀਬ 20 ਲੱਖ ਰੁਪਏ ਖ਼ਰਚ ਕਰਕੇ ਵਰਕ ਪਰਮਿੱਟ ਰਾਹੀਂ ਗੁਰਪ੍ਰੀਤ ਕੌਰ ਜੁਲਾਈ 2023 'ਚ ਕੈਨੇਡਾ ਚਲੀ ਗਈ।
ਇਹ ਵੀ ਪੜ੍ਹੋ : PUNJAB : ਦਿਨ ਚੜ੍ਹਦਿਆਂ ਹੀ ਆਈ ਮਾੜੀ ਖ਼ਬਰ, ਰਾਤੋ-ਰਾਤ ਚੜ੍ਹ ਆਇਆ ਪਾਣੀ ਤੇ ਲੋਕ... (ਵੀਡੀਓ)
ਅੰਮ੍ਰਿਤਪਾਲ ਦੇ ਅਨੁਸਾਰ ਜਦੋਂ ਉਹ 2024 ਵਿੱਚ ਸਪਾਊਜ਼ ਵੀਜ਼ਾ ‘ਤੇ ਕੈਨੇਡਾ ਪੁੱਜਾ ਤਾਂ ਅੱਗੋਂ ਉਸਦੀ ਪਤਨੀ ਨੇ ਸਾਫ਼ ਕਹਿ ਦਿੱਤਾ ਕਿ ਉਸਨੇ ਵਿਆਹ ਸਿਰਫ਼ ਵੀਜ਼ਾ ਅਤੇ ਪੈਸਿਆਂ ਲਈ ਕੀਤਾ ਸੀ ਅਤੇ ਉਹ ਉਸ ਨਾਲ ਕੋਈ ਵਿਆਹ ਵਲੋਂ ਸੰਬੰਧ ਨਹੀਂ ਰੱਖਣਾ ਚਾਹੁੰਦੀ। ਇਸ ਨੂੰ ਸੁਣ ਕੇ ਉਸ ਦੇ ਹੋਸ਼ ਉੱਡ ਗਏ। ਅੰਮ੍ਰਿਤਪਾਲ ਵਲੋਂ ਝਗੜੇ ਵੱਧਣ ‘ਤੇ ਗੁਰਪ੍ਰੀਤ ਉਸ ਤੋਂ ਅਲੱਗ ਹੋ ਗਈ। ਪੁਲਸ ਜਾਂਚ 'ਚ ਇਹ ਪਤਾ ਲੱਗਾ ਕਿ ਦਰਸ਼ਨ ਸਿੰਘ ਅਤੇ ਧੀ ਗੁਰਪ੍ਰੀਤ ਕੌਰ ਨੇ ਸੋਚ-ਸਮਝ ਕੇ ਸਾਜ਼ਿਸ਼ ਰਾਹੀਂ ਅੰਮ੍ਰਿਤਪਾਲ ਸਿੰਘ ਤੋਂ ਭਾਰੀ ਰਕਮ ਹੜੱਪ ਲਈ ਅਤੇ ਕੈਨੇਡਾ ਪਹੁੰਚਣ ‘ਤੇ ਉਸ ਨੂੰ ਠੁਕਰਾ ਦਿੱਤਾ। ਇਸ ਦੀ ਸ਼ਿਕਾਇਤ ਡੀ. ਆਈ. ਜੀ. ਰੋਪੜ ਰੇਂਜ ਨੂੰ ਦਿੱਤੇ ਜਾਣ ਤੇ ਉਕਤ ਅਧਿਕਾਰੀ ਵਲੋਂ ਇਸਦੀ ਵੱਖ-ਵੱਖ ਪੱਧਰਾਂ 'ਤੇ ਕਰਵਾਈ ਜਾਂਚ ਨੂੰ ਸਹੀ ਪਾਏ ਜਾਣ 'ਤੇ ਖਰੜ ਸਿਟੀ ਪੁਲਸ ਨੂੰ ਜਾਰੀ ਹਦਾਇਤਾਂ ਤਹਿਤ ਲੋਕਲ ਪੁਲਸ ਨੇ ਦਰਸ਼ਨ ਸਿੰਘ ਅਤੇ ਉਸਦੀ ਧੀ ਗੁਰਪ੍ਰੀਤ ਕੌਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8