ਨਿਊਜ਼ੀਲੈਂਡ ਭੇਜਣ ਦਾ ਲਾਰਾ ਲਗਾ ਕੇ 13.90 ਲੱਖ ਰੁਪਏ ਠੱਗੇ

Thursday, Oct 10, 2024 - 04:42 PM (IST)

ਫਿਰੋਜ਼ਪੁਰ (ਮਲਹੋਤਰਾ, ਪਰਮਜੀਤ ਸੋਢੀ, ਖੁੱਲਰ) : ਇਕ ਨੌਜਵਾਨ ਨੂੰ ਨਿਊਜ਼ੀਲੈਂਡ ਭੇਜਣ ਦਾ ਲਾਰਾ ਲਗਾ ਕੇ ਉਸਦੇ ਪਰਿਵਾਰ ਵਾਲਿਆਂ ਕੋਲੋਂ 13.90 ਲੱਖ ਰੁਪਏ ਠੱਗਣ ਵਾਲੇ ਤਿੰਨ ਮੁਲਜ਼ਮਾਂ ਦੇ ਖ਼ਿਲਾਫ਼ ਪੁਲਸ ਨੇ ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਹੈ। ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਮੇਜਰ ਸਿੰਘ ਦੇ ਅਨੁਸਾਰ ਮੁਖਤਿਆਰ ਸਿੰਘ ਪਿੰਡ ਰੁਕਣਸ਼ਾਹ ਵਾਲਾ ਨੇ ਜ਼ਿਲ੍ਹਾ ਪੁਲਸ ਨੂੰ ਬਿਆਨ ਦੇ ਕੇ ਦੱਸਿਆ ਸੀ ਕਿ ਉਸ ਨੇ ਆਪਣੇ ਪੁੱਤਰ ਰਾਮ ਸਿੰਘ ਨੂੰ ਨਿਊਜ਼ੀਲੈਂਡ ਭੇਜਣ ਦੇ ਲਈ ਜਤਿੰਦਰ ਕੌਰ ਆਲੀਆ, ਕੁਲਦੀਪ ਕੌਰ ਅਤੇ ਗੁਰਵਿੰਦਰ ਸਿੰਘ ਪਿੰਡ ਨਾਜੂ ਸ਼ਾਹ ਵਾਲਾ ਨਾਲ ਸੰਪਰਕ ਕੀਤਾ।

ਉਕਤ ਲੋਕਾਂ ਨੇ ਉਸ ਨੂੰ ਇਸ ਲਾਰੇ ਵਿਚ ਲੈ ਲਿਆ ਕਿ ਉਹ ਕਈ ਮੁੰਡੇ-ਕੁੜੀਆਂ ਨੂੰ ਵਿਦੇਸ਼ ਭੇਜ ਚੁੱਕੇ ਹਨ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਗੱਲਾਂ ਵਿਚ ਫਸ ਕੇ ਉਸ ਨੇ ਵੱਖ-ਵੱਖ ਸਮੇਂ ਦੌਰਾਨ ਉੁਨ੍ਹਾਂ ਨੂੰ 13.90 ਲੱਖ ਰੁਪਏ ਦੇ ਦਿੱਤੇ ਪਰ ਮੁਲਜ਼ਮਾਂ ਨੇ ਨਾ ਤਾਂ ਉਸਦੇ ਪੁੱਤਰ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਏ. ਐੱਸ.ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੇ ਤਿੰਨਾਂ ਦੇ ਖ਼ਿਲਾਫ਼ ਧੋਖਾਦੇਹੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ।
 


Babita

Content Editor

Related News