ਵੀਜ਼ਾ ਲਵਾਉਣ ਤੇ ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰਨ ਦੇ ਨਾਂ ’ਤੇ ਲੱਖਾਂ ਦੀ ਠੱਗੀ
Tuesday, Jul 02, 2024 - 02:33 PM (IST)
ਚੰਡੀਗੜ੍ਹ (ਸੁਸ਼ੀਲ) : ਵੀਜ਼ਾ ਲਗਵਾਉਣ ਦੇ ਨਾਂ ’ਤੇ ਤੇ ਸਟਾਕ ਮਾਰਕੀਟ ’ਚ ਪੈਸੇ ਲਗਾਉਣ ਦੇ ਨਾਂ ’ਤੇ ਔਰਤ ਸਮੇਤ ਚਾਰ ਲੋਕਾਂ ਅੰਬਾਲਾ ਨਿਵਾਸੀ ਦੀਪਕ ਭੱਲਾ ਤੋਂ 18 ਲੱਖ ਰੁਪਏ, ਹਿਸਾਰ ਦੇ ਕੁਲਦੀਪ ਤੋਂ 8 ਲੱਖ 76 ਹਜ਼ਾਰ 740 ਰੁਪਏ, ਬਠਿੰਡਾ ਨਿਵਾਸੀ ਲਵਪ੍ਰੀਤ ਕੌਰ ਤੋਂ 14 ਲੱਖ 58 ਹਜ਼ਾਰ 111 ਰੁਪਏ ਤੇ ਸੈਕਟਰ 47 ਨਿਵਾਸੀ ਕ੍ਰਿਤੀ ਆਨੰਦ ਤੋਂ 4 ਲੱਖ ਦੀ ਠੱਗੀ ਮਾਰੀ ਹੈ। ਸੈਕਟਰ 17 ਤੇ 31 ਥਾਣਾ ਪੁਲਸ ਨੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਅੰਬਾਲਾ ਵਾਸੀ ਦੀਪਕ ਭੱਲਾ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਵਿਦੇਸ਼ ਜਾਣ ਲਈ ਵਰਕ ਵੀਜ਼ਾ ਲਗਵਾਉਣਾ ਸੀ।
ਵੀਜ਼ਾ ਲਗਵਾਉਣ ਲਈ ਉਹ ਸੈਕਟਰ-17 ਸਥਿਤ ਪੀ.ਬੀ ਕੰਸਲਟੈਂਟ ਕੰਪਨੀ ’ਚ ਗਿਆ। ਉਥੇ ਉਸ ਨੂੰ ਮਾਲਕ ਮਨਪ੍ਰੀਤ ਸਿੰਘ ਬਰਾੜ, ਰਵਿੰਦਰ ਸਿੰਘ ਤੇ ਹੋਰ ਲੋਕ ਵੀ ਮਿਲੇ। ਉਨ੍ਹਾਂ ਨੇ ਵੀਜ਼ਾ ਲਗਵਾਉਣ ਲਈ 18 ਲੱਖ ਰੁਪਏ ਮੰਗੇ ਤਾਂ ਸ਼ਿਕਾਇਤਕਰਤਾ ਨੇ ਪੈਸੇ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਨਾ ਤਾਂ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਭੱਲਾ ਦੀ ਸ਼ਿਕਾਇਤ ’ਤੇ ਸੈਕਟਰ-17 ਥਾਣਾ ਪੁਲਸ ਨੇ ਪੀ.ਬੀ ਕੰਸਲਟੈਂਟ ਕੰਪਨੀ ਦੇ ਮਾਲਕ ਮਨਪ੍ਰੀਤ ਸਿੰਘ ਬਰਾੜ ਤੇ ਰਵਿੰਦਰ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਹਿਸਾਰ ਵਾਸੀ ਕੁਲਦੀਪ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਸਟੱਡੀ ਵੀਜ਼ਾ ਲਗਵਾਉਣ ਲਈ ਸੈਕਟਰ-17 ਸਥਿਤ ਮਾਈ ਇਮੀਗ੍ਰੇਸ਼ਨ ਸਲਿਊਸ਼ਨ ਕੰਪਨੀ ਨਾਲ ਸੰਪਰਕ ਕੀਤਾ ਸੀ।
ਕੰਪਨੀ ਦੇ ਮਾਲਕ ਵਿਕਾਸ ਸ਼ਰਮਾ ਤੇ ਅਮਿਤ ਅਰੋੜਾ ਨੇ ਵੀਜ਼ਾ ਲਗਵਾਉਣ ਲਈ 9 ਲੱਖ ਰੁਪਏ ਮੰਗੇ। ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ 8 ਲੱਖ 76 ਹਜ਼ਾਰ 740 ਰੁਪਏ ਦੇ ਦਿੱਤੇ। ਪੈਸੇ ਲੈ ਕੇ ਤਿੰਨ ਮਹੀਨੇ ਤੱਕ ਵੀਜ਼ਾ ਨਹੀਂ ਲਗਵਾਇਆ। ਬਾਅਦ ’ਚ ਪਤਾ ਲੱਗਾ ਕਿ ਉਕਤ ਕੰਪਨੀ ਦੇ ਮਾਲਕਾਂ ਨੇ ਵੀਜ਼ਾ ਲਗਵਾਉਣ ਦੇ ਨਾਂ ’ਤੇ ਬਠਿੰਡਾ ਨਿਵਾਸੀ ਲਵਪ੍ਰੀਤ ਕੌਰ ਨਾਲ 14 ਲੱਖ 58 ਹਜ਼ਾਰ 111 ਰੁਪਏ ਦੀ ਠੱਗੀ ਮਾਰ ਚੁੱਕੇ ਹਨ। ਸੈਕਟਰ-17 ਦੀ ਪੁਲਸ ਨੇ ਉਕਤ ਕੰਪਨੀ ਦੇ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਸੈਕਟਰ-47 ਨਿਵਾਸੀ ਕ੍ਰਿਤੀ ਆਨੰਦ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸਟਾਕ ਮਾਰਕੀਟ ’ਚ ਪੈਸੇ ਨਿਵੇਸ਼ ਕਰਨ ਦੇ ਨਾਮ ’ਤੇ ਧਵਲ ਤੇ ਹੋਰਾਂ ਨੇ 4 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸੈਕਟਰ-31 ਥਾਣਾ ਪੁਲਸ ਨੇ ਧਵਲ ਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।