ਲੰਡਨ ਦਾ ਵੀਜ਼ਾ ਲਵਾਉਣ ਦੇ ਨਾਂ ’ਤੇ ਠੱਗੇ 16 ਲੱਖ, ਤਿੰਨ ’ਤੇ ਮਾਮਲਾ ਦਰਜ
Saturday, Aug 19, 2023 - 02:48 PM (IST)
ਚੰਡੀਗੜ੍ਹ (ਸੁਸ਼ੀਲ) : ਲੰਡਨ ਦਾ ਸਟੱਡੀ ਵੀਜ਼ਾ ਲਵਾਉਣ ਦੇ ਨਾਂ ’ਤੇ ਸੈਕਟਰ-34 ਸਥਿਤ ਫਲਾਈ ਰਾਈਟ ਵੀਜ਼ਾ ਕੰਸਲਟੈਂਟ ਕੰਪਨੀ ਦੇ ਦੋ ਮਾਲਕਾਂ ਸਮੇਤ ਤਿੰਨ ਨੇ ਸੰਗਰੂਰ ਨਿਵਾਸੀ ਨੌਜਵਾਨ ਨਾਲ 16 ਲੱਖ ਰੁਪਏ ਦੀ ਧੋਖਾਦੇਹੀ ਕਰ ਲਈ। ਇਮੀਗ੍ਰੇਸ਼ਨ ਕੰਪਨੀ ਨੇ ਸਟੱਡੀ ਵੀਜ਼ੇ ਦੀ ਜਗ੍ਹਾ ਨੌਜਵਾਨ ਨੂੰ ਸੀ ਵਿਜ਼ਿਟ ਵੀਜ਼ਾ ਦੇ ਦਿੱਤਾ। ਸੰਗਰੂਰ ਦੇ ਛਾਜਲੀ ਪਿੰਡ ਨਿਵਾਸੀ ਸੁਖਦੀਪ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਸੈਕਟਰ-34 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਸੁਖਦੀਪ ਦੀ ਸ਼ਿਕਾਇਤ ’ਤੇ ਕੰਪਨੀ ਦੇ ਮਨਧੀਰ ਬਜਾਜ, ਨਵਜੋਤ ਸਿੰਘ ਅਤੇ ਆਰੂਸ਼ੀ ਖ਼ਿਲਾਫ਼ ਧੋਖਾਦੇਹੀ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸੁਖਦੀਪ ਨੇ ਸ਼ਿਕਾਇਤ ਵਿਚ ਦੱਸਿਆ ਕਿ ਲੰਡਨ ਦੇ ਸਟੱਡੀ ਵੀਜ਼ੇ ਲਈ ਉਹ ਸੈਕਟਰ-34 ਸਥਿਤ ਫਲਾਈ ਰਾਈਟ ਵੀਜ਼ਾ ਕੰਸਲਟੈਂਟ ਕੰਪਨੀ ਵਿਚ ਗਿਆ ਸੀ। ਉੱਥੇ ਮਨਧੀਰ ਬਜਾਜ ਅਤੇ ਨਵਜੋਤ ਸਿੰਘ ਮਿਲੇ। 16 ਫਰਵਰੀ ਨੂੰ ਆਫਰ ਲੈਟਰ ਲਈ ਆਰੂਸ਼ੀ ਨੂੰ 2 ਲੱਖ ਰੁਪਏ ਨਕਦ ਦਿੱਤੇ। 25 ਫਰਵਰੀ ਨੂੰ ਆਫਰ ਲੈਟਰ ਆ ਗਿਆ ਤਾਂ ਦੋ ਲੱਖ ਫਿਰ ਕੰਪਨੀ ਵਿਚ ਜਮ੍ਹਾਂ ਕਰਵਾਏ।
13 ਜੂਨ ਨੂੰ ਮੋਹਾਲੀ ਬੈਂਕ ਅੰਦਰ ਮਨਧੀਰ ਬਜਾਜ ਅਤੇ ਨਵਜੋਤ ਸਿੰਘ ਨੂੰ ਸਾਢੇ ਤਿੰਨ ਲੱਖ ਰੁਪਏ ਦਿੱਤੇ। ਅਗਲੇ ਦਿਨ ਚਾਰ ਲੱਖ ਚੈੱਕ ਦੇ ਜ਼ਰੀਏ ਦਿੱਤੇ। ਇਸ ਤੋਂ ਬਾਅਦ ਦੋਵੇਂ ਕਹਿਣ ਲੱਗੇ ਕਿ ਕਾਲਜ ਦੀ ਫ਼ੀਸ ਵੱਧ ਗਈ ਹੈ ਅਤੇ ਰੁਪਏ ਜਮ੍ਹਾਂ ਕਰਵਾਉਣੇ ਪੈਣਗੇ। 13 ਜੁਲਾਈ ਨੂੰ ਦੋ ਲੱਖ ਵੀਹ ਹਜ਼ਾਰ ਦੋਹਾਂ ਵਿਅਕਤੀਆਂ ਨੂੰ ਦੇ ਦਿੱਤੇ। ਇਕ ਲੱਖ ਵੀਹ ਹਜ਼ਾਰ ਰੁਪਏ ਲੰਡਨ ਦੀ ਟਿਕਟ ਲਈ ਜਮ੍ਹਾਂ ਕਰਵਾਏ। ਉਹ ਵੀਜ਼ਾ ਲੈ ਕੇ ਦਿੱਲੀ ਏਅਰਪੋਰਟ ’ਤੇ ਪਹੁੰਚ ਗਿਆ। ਉੱਥੇ ਵੀਜ਼ਾ ਚੈੱਕ ਕੀਤਾ ਤਾਂ ਜਾਅਲੀ ਨਿਕਲਿਆ। ਏਅਰਪੋਰਟ ਅਧਿਕਾਰੀ ਨੇ ਦੱਸਿਆ ਕਿ ਸਟੱਡੀ ਵੀਜ਼ੇ ਦੀ ਜਗ੍ਹਾ ਸੀ ਵਿਜ਼ਿਟ ਵੀਜ਼ਾ ਲਾਇਆ ਗਿਆ ਹੈ। ਉਸਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਮਾਮਲਾ ਦਰਜ ਕੀਤਾ।