ਸਸਤੇ ਹੀਰੇ ਦਿਵਾਉਣ ਦੇ ਨਾਂ ’ਤੇ ਧੋਖਾਦੇਹੀ ਮਾਮਲੇ ’ਚ ਕਾਰੋਬਾਰੀ ਸਮੇਤ ਪਰਿਵਾਰ ਬਰੀ
Wednesday, Mar 22, 2023 - 12:09 PM (IST)
ਚੰਡੀਗੜ੍ਹ (ਸੁਸ਼ੀਲ) : ਬੈਲਜ਼ੀਅਮ ਤੋਂ ਸਸਤੇ ਹੀਰੇ ਦਿਵਾਉਣ ਦੇ ਨਾਂ ’ਤੇ ਕਰੋੜਾਂ ਦੀ ਠੱਗੀ ਦੇ ਮਾਮਲੇ 'ਚ ਜੂਡੀਸ਼ੀਅਲ ਮੈਜਿਸਟ੍ਰੇਟ ਭਰਤ ਦੀ ਅਦਾਲਤ ਨੇ ਪੰਚਕੂਲਾ ਦੇ ਕਾਰੋਬਾਰੀ ਅਸ਼ੋਕ ਮਿੱਤਲ, ਉਨ੍ਹਾਂ ਦੀ ਪਤਨੀ ਚੇਤਨਾ ਮਿੱਤਲ ਅਤੇ ਪੁੱਤਰ ਅਰਪਿਤ ਮਿੱਤਲ ਨੂੰ ਬਰੀ ਕਰ ਦਿੱਤਾ ਹੈ। ਬਚਾਅ ਪੱਖ ਦੇ ਵਕੀਲ ਕੇ. ਪੀ. ਸਿੰਘ ਅਤੇ ਦੀਪਕ ਅਰੋੜਾ ਨੇ ਬਹਿਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਫਸਾਉਣ ਲਈ ਸ਼ਿਕਾਇਤਕਰਤਾ ਨੇ ਪੁਲਸ ਨਾਲ ਮਿਲ ਕੇ ਇਹ ਕਹਾਣੀ ਬਣਾਈ ਸੀ। ਮਿੱਤਲ ਅਤੇ ਵਾਲੀਆ ਨੇ ਮਿਲ ਕੇ ਜਿਊਲਰੀ ਦਾ ਸ਼ੋਅਰੂਮ ਖੋਲ੍ਹਿਆ ਸੀ ਪਰ ਉਨ੍ਹਾਂ ਨੇ ਕਦੇ ਬੈਲਜ਼ੀਅਮ ਤੋਂ ਸਸਤੇ ਹੀਰੇ ਮੰਗਵਾਉਣ ਦੀ ਗੱਲ ਨਹੀਂ ਕੀਤੀ।
ਕੋਰਟ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਮਿੱਤਲ ਨੇ ਹੀ ਵਾਲੀਆ ਤੋਂ 17 ਕਰੋੜ ਰੁਪਏ ਲੈਣੇ ਸਨ, ਜਿਸ ਦੇ ਬਦਲੇ ਵਿਚ ਸ਼ਿਕਾਇਤਕਰਤਾ ਵਾਲੀਆ ਨੇ ਉਨ੍ਹਾਂ ਨੂੰ ਚੈੱਕ ਦਿੱਤੇ ਸਨ, ਜੋ ਬਾਊਂਸ ਹੋ ਗਏ। ਇਸ ਲਈ ਖ਼ੁਦ ਨੂੰ ਬਚਾਉਣ ਲਈ ਵਾਲੀਆ ਨੇ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾ ਦਿੱਤਾ ਸੀ। ਦਰਜ ਮਾਮਲਾ 2015 ਦਾ ਹੈ। ਜਿਊਲਰ ਵਿਕਾਸ ਵਾਲੀਆ ਦੀ ਸ਼ਿਕਾਇਤ ’ਤੇ ਪੁਲਸ ਨੇ ਪੰਚਕੂਲਾ ਦੇ ਕਾਰੋਬਾਰੀ ਅਸ਼ੋਕ ਮਿੱਤਲ, ਉਨ੍ਹਾਂ ਦੀ ਪਤਨੀ ਚੇਤਨਾ ਮਿੱਤਲ ਅਤੇ ਬੇਟੇ ਅਰਪਿਤ ਮਿੱਤਲ ’ਤੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਸੀ।
ਵਾਲੀਆ ਨੇ ਦੋਸ਼ ਲਾਇਆ ਸੀ ਕਿ ਮਿੱਤਲ ਨੇ ਕਾਰੋਬਾਰ ਦੇ ਨਾਂ ’ਤੇ ਉਨ੍ਹਾਂ ਨਾਲ 10 ਕਰੋੜ ਰੁਪਏ ਦੀ ਠੱਗੀ ਕਰ ਲਈ। ਦੋਸ਼ ਮੁਤਾਬਕ ਮਿੱਤਲ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਜਾਣਕਾਰ ਬੈਲਜ਼ੀਅਮ ਵਿਚ ਰਹਿੰਦਾ ਹੈ, ਜਿੱਥੋਂ ਉਹ 25 ਫ਼ੀਸਦੀ ਸਸਤੇ ਹੀਰੇ ਮੰਗਵਾ ਦੇਵੇਗਾ ਪਰ ਨਾ ਤਾਂ ਹੀਰੇ ਆਏ ਅਤੇ ਨਾ ਹੀ ਰੁਪਏ ਵਾਪਸ ਕੀਤੇ, ਜਿਸ ਤੋਂ ਬਾਅਦ ਆਰਥਿਕ ਕ੍ਰਾਈਮ ਬਰਾਂਚ ਨੇ ਮਾਮਲਾ ਦਰਜ ਕੀਤਾ ਸੀ।