ਚੰਡੀਗੜ੍ਹ 'ਚ ਇਸ ਨਿੱਜੀ ਸਕੂਲ ਦੇ ਚੇਅਰਮੈਨ ਨਾਲ 78 ਲੱਖ ਦੀ ਠੱਗੀ, ਜਾਣੋ ਪੂਰਾ ਮਾਮਲਾ
Thursday, Feb 23, 2023 - 10:53 AM (IST)
ਚੰਡੀਗੜ੍ਹ (ਸੁਸ਼ੀਲ) : ਸੈਕਟਰ-38 ਸਥਿਤ ਵਿਵੇਕ ਹਾਈ ਸਕੂਲ 'ਚ ਮੋਂਟੇਸਰੀ ਸਟੱਡੀ ਵਾਲੀਆਂ ਚੀਜ਼ਾਂ ਸਪਲਾਈ ਕਰਨ ਦੇ ਨਾਂ ’ਤੇ ਕੇਰਲਾ ਸਥਿਤ ਬਲੂਬੇਲ ਐਜੂਕੇਸ਼ਨ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸਮੇਤ ਹੋਰ ਲੋਕਾਂ ਨੇ 78 ਲੱਖ 32 ਹਜ਼ਾਰ 357 ਰੁਪਏ ਦੀ ਠੱਗੀ ਕਰ ਲਈ। ਰੁਪਏ ਲੈਣ ਤੋਂ ਬਾਅਦ ਕੰਪਨੀ ਨੇ ਮੋਂਟੇਸਰੀ ਸਟੱਡੀ ਆਈਟਮਾਂ ਸਕੂਲ ਨੂੰ ਨਹੀਂ ਭੇਜੀਆਂ। ਵਿਵੇਕ ਹਾਈ ਸਕੂਲ ਦੇ ਚੇਅਰਮੈਨ ਐੱਚ. ਐੱਸ. ਮਾਮਿਕ ਨੇ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਅਦਾਲਤ ਨੂੰ ਦਿੱਤੀ। ਜ਼ਿਲ੍ਹਾ ਅਦਾਲਤ ਨੇ ਬਲੂਬੇਲ ਐਜੂਕੇਸ਼ਨ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ, ਮੈਨੇਜਿੰਗ ਡਾਇਰੈਕਟਰ ਜੋਮਨ ਜਾਰਜ, ਪਰਕਲ ਪੁਰਸ਼ੋਤਮ ਮਨੋਜ, ਕ੍ਰਿਸ ਵਿਲਮਸੇਨ ਤੇ ਸੀਨੀਅਰ ਬਰਾਂਡ ਐਕਸਪੋਰਟ ਮੈਨੇਜਰ ਸਮੇਤ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ : ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਵੱਡਾ ਬਿਆਨ
ਸੈਕਟਰ-39 ਥਾਣਾ ਪੁਲਸ ਨੇ ਉਕਤ ਲੋਕਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ। ਚੇਅਰਮੈਨ ਮਾਮਿਕ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਸਕੂਲ ਲਈ ਮੋਂਟੇਸਰੀ ਸਟੱਡੀ ਆਈਟਮਾਂ ਮੰਗਵਾਉਣੀਆਂ ਸਨ, ਜਿਸ ਲਈ ਕੇਰਲਾ ਸਥਿਤ ਬਲੂਬੇਲ ਐਜੂਕੇਸ਼ਨ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਸੰਪਰਕ ਕੀਤਾ। ਕੰਪਨੀ ਨੇ ਪਹਿਲਾਂ ਥੋੜ੍ਹਾ ਬਹੁਤ ਸਾਮਾਨ ਭੇਜ ਦਿੱਤਾ। 15 ਨਵੰਬਰ 2019 ਨੂੰ ਉਕਤ ਕੰਪਨੀ ਦੇ ਏਜੰਟ ਸੁਧਾ ਕ੍ਰਿਸ਼ਣ ਸਕੂਲ ਵਿਚ ਆਈ ਅਤੇ ਮੋਂਟੇਸਰੀ ਸਟੱਡੀ ਆਈਟਮਾਂ ਦੀ ਡਿਮਾਂਡ ਲੈ ਕੇ ਗਈ। ਉਨ੍ਹਾਂ ਨੇ ਸਕੂਲ ਲਈ ਸਮੱਗਰੀ ਮੰਗਵਾਉਣ ਲਈ 16 ਨਵੰਬਰ 2019 ਨੂੰ 22 ਲੱਖ 86 ਹਜ਼ਾਰ 565 ਰੁਪਏ ਆਨਲਾਈਨ ਟਰਾਂਸਫਰ ਕਰ ਦਿੱਤੇ।
ਇਹ ਵੀ ਪੜ੍ਹੋ : CBSE ਦੇ 10ਵੀਂ ਤੇ 12 ਜਮਾਤ ਦੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਖ਼ਬਰ, ਜਾਰੀ ਹੋ ਗਿਆ ਇਹ ਅਲਰਟ
ਇਸ ਤੋਂ ਬਾਅਦ ਕੰਪਨੀ ਨੂੰ ਕੁੱਲ 78 ਲੱਖ 32 ਹਜ਼ਾਰ 357 ਰੁਪਏ ਭੇਜ ਦਿੱਤੇ ਪਰ ਕੰਪਨੀ ਨੇ ਸਾਮਾਨ ਸਪਲਾਈ ਨਹੀਂ ਕੀਤਾ। ਕੰਪਨੀ ਨੇ ਤਿੰਨ ਚੈੱਕ ਦਿੱਤੇ, ਜੋ ਬਾਅਦ ਵਿਚ ਬਾਊਂਸ ਹੋ ਗਏ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਐੱਫ. ਆਈ. ਆਰ. ਦਰਜ ਨਹੀਂ ਕੀਤੀ। ਇਸ ਤੋਂ ਬਾਅਦ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਉਕਤ ਕੰਪਨੀ ਸਮੇਤ ਹੋਰ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਸੈਕਟਰ-39 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰ ਕੇ ਦਿਓ ਆਪਣੀ ਰਾਏ