ਏ. ਟੀ. ਐੱਮ. ਕਾਰਡ ਬਦਲ ਕੇ ਖਾਤੇ ’ਚੋਂ ਕਢਵਾਏ ਡੇਢ ਲੱਖ ਰੁਪਏ
Sunday, Oct 09, 2022 - 12:15 PM (IST)

ਚੰਡੀਗੜ੍ਹ (ਸੁਸ਼ੀਲ ਰਾਜ) : ਪੈਸੇ ਕਢਵਾਉਣ ਗਏ ਵੇਟਰ ਨੂੰ ਚਕਮਾ ਦੇ ਕੇ 2 ਨੌਜਵਾਨਾਂ ਨੇ ਪੰਜਾਬ ਨੈਸ਼ਨਲ ਬੈਂਕ ਦਾ ਏ. ਟੀ. ਐੱਮ. ਕਾਰਡ ਬਦਲ ਕੇ ਡੇਢ ਲੱਖ ਰੁਪਏ ਕਢਵਾ ਲਏ। ਬੈਂਕ ਤੋਂ ਪੈਸੇ ਕਢਵਾਉਣ ਦਾ ਮੈਸੇਜ ਮਿਲਦਿਆਂ ਹੀ ਵੇਟਰ ਨੇ ਏ. ਟੀ. ਐੱਮ. ਕਾਰਡ ਦੇਖਿਆ ਤਾਂ ਕਾਰਡ ਕਿਸੇ ਹੋਰ ਬੈਂਕ ਦਾ ਸੀ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-42 ਨਿਵਾਸੀ ਪਰਸ਼ੂਰਾਮ ਦੀ ਸ਼ਿਕਾਇਤ ’ਤੇ ਸੈਕਟਰ-39 ਥਾਣਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਅਤੇ ਚੋਰੀ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪਰਸ਼ੂਰਾਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਪੈਸੇ ਕਢਵਾਉਣ ਲਈ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਵਿਚ ਗਿਆ ਸੀ। ਜਦੋਂ ਉਹ ਪੈਸੇ ਕਢਵਾਉਣ ਲੱਗਾ ਤਾਂ ਏ. ਟੀ. ਐੱਮ ਕਾਰਡ ਤੋਂ ਪੈਸੇ ਨਹੀਂ ਨਿਕਲੇ। ਇਸ ਦੌਰਾਨ ਪਿੱਛੇ ਖੜ੍ਹੇ ਨੌਜਵਾਨਾਂ ਨੇ ਉਸ ਨੂੰ ਕਿਹਾ ਕਿ ਉਹ ਪੈਸੇ ਕਢਵਾ ਦੇਣਗੇ। ਪਰਸ਼ੂਰਾਮ ਨੇ ਆਪਣਾ ਏ. ਟੀ. ਐੱਮ. ਕਾਰਡ ਦੋਵਾਂ ਨੌਜਵਾਨਾਂ ਨੂੰ ਦੇ ਦਿੱਤਾ ਅਤੇ ਪਾਸਵਰਡ ਵੀ ਦੱਸਿਆ ਪਰ ਉਕਤ ਨੌਜਵਾਨਾਂ ਨੇ ਵੀ ਪੈਸੇ ਨਹੀਂ ਕੱਢੇ।
ਜਵਾਨਾਂ ਨੇ ਉਸ ਨੂੰ ਏ. ਟੀ. ਐੱਮ. ਮੋੜ ਦਿੱਤਾ ਅਤੇ ਉਹ ਘਰ ਵਾਪਸ ਆ ਗਿਆ। ਕੁੱਝ ਦੇਰ ਬਾਅਦ ਉਸ ਦੇ ਮੋਬਾਇਲ ’ਤੇ ਡੇਢ ਲੱਖ ਰੁਪਏ ਕਢਵਾਉਣ ਦਾ ਮੈਸੇਜ ਆਇਆ। ਉਸ ਨੇ ਜਦੋਂ ਏ. ਟੀ. ਐੱਮ. ਕਾਰਡ ਦੇਖਿਆ ਤਾਂ ਉਹ ਕਿਸੇ ਹੋਰ ਬੈਂਕ ਦਾ ਸੀ। ਪੁਲਸ ਵੱਲੋਂ ਨੌਜਵਾਨਾਂ ਦੀ ਪਛਾਣ ਕਰਨ ਲਈ ਏ. ਟੀ. ਐੱਮ. ਵਿਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।