ਧੋਖਾਦੇਹੀ ਦੇ ਮਾਮਲੇ ’ਚ ਭਗੌਡ਼ਾ ਟ੍ਰੈਵਲ ਏਜੰਟ ਗ੍ਰਿਫਤਾਰ

08/31/2018 5:09:53 AM

  ਲਾਂਬਡ਼ਾ,  (ਵਰਿੰਦਰ)-  ਸਥਾਨਕ ਪੁਲਸ ਨੇ ਧੋਖਾਦੇਹੀ ਦੇ ਮਾਮਲੇ ’ਚ ਇਕ  ਭਗੌਡ਼ੇ ਟ੍ਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ | ਡੀ. ਐੱਸ. ਪੀ. ਦਿਗਵਿਜੇ ਕਪਿਲ ਨੇ ਅੱਜ  ਇੱਥੇ ਦੱਸਿਆ ਕਿ ਥਾਣਾ ਮੁਖੀ ਪੁਸ਼ਪ ਬਾਲੀ ਨੂੰ ਤਫਤੀਸ਼ ਦੌਰਾਨ ਪਤਾ ਲੱਗਾ ਕਿ 12.02.2016 ਨੂੰ ਕਸ਼ਮੀਰ ਸਿੰਘ ਵਾਸੀ ਪਿੰਡ ਢੱਡਾ ਥਾਣਾ ਗੁਰਾਇਆ ਨੇ ਬਿਆਨ ਦਰਜ ਕਰਵਾਏ  ਸਨ ਕਿ ਸੁਰਿੰਦਰ ਪਾਲ ਨਾਮਕ ਵਿਅਕਤੀ ਨੇ ਉਸ ਦੇ ਲਡ਼ਕੇ ਭੁਪਿੰਦਰ ਸਿੰਘ ਨੂੰ ਵਿਦੇਸ਼  ਪਹੁੰਚਾਉਣ ਲਈ ਗੁਰਮੀਤ ਸਿੰਘ ਟ੍ਰੈਵਲ ਏਜੰਟ ਵਾਸੀ ਪਿੰਡ ਅਲੀ ਚੱਕ ਦਾ ਵੇਰਵਾ  ਦਿੱਤਾ ਸੀ | ਟ੍ਰੈਵਲ ਏਜੰਟ ਨੇ ਉਸ ਦੇ ਲਡ਼ਕੇ ਨੂੰ ਫਰਾਂਸ ਭੇਜਣ   ਲਈ 9 ਲੱਖ ਰੁਪਏ  ਦੀ ਮੰਗ  ਕੀਤੀ | ਕਸ਼ਮੀਰ ਸਿੰਘ ਨੇ ਵੱਖ-ਵੱਖ ਕਿਸ਼ਤਾਂ ’ਚ ਏਜੰਟ ਨੂੰ ਪੈਸੇ ਦੇ ਦਿੱਤੇ ਪਰ ਟ੍ਰੈਵਲ  ਏਜੰਟ ਗੁਰਮੀਤ ਸਿੰਘ ਨੇ ਉਸ ਦੇ ਲਡ਼ਕੇ ਨੂੰ ਜਰਮਨ ਭੇਜਣ ਦੀ ਬਜਾਏ ਥਾਈਲੈਂਡ ਭੇਜ  ਦਿੱਤਾ| ਜਿਸ ਕਾਰਨ ਉਸ ਦਾ ਲਡ਼ਕਾ ਦੁਬਾਰਾ ਭਾਰਤ ਆ ਗਿਆ ਤਾਂ ਕਸ਼ਮੀਰ ਸਿੰਘ ਨੇ ਏਜੰਟ ਤੋਂ  ਪੈਸੇ ਮੰਗੇ ਤਾਂ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ | ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ  ਗੁਰਮੀਤ ਸਿੰਘ ਅਦਾਲਤ ਵੱਲੋਂ ਭਗੌਡ਼ਾ ਐਲਾਨਿਆ ਗਿਆ ਸੀ |
ਡੀ. ਐੱਸ. ਪੀ. ਦਿਗਵਿਜੈ ਨੇ ਦੱਸਿਆ ਕਿ ਮੁਲਜ਼ਮ ਗੁਰਮੀਤ ਸਿੰਘ ਤੇ ਉਸ ਦੇ ਸਾਥੀ ਪਵਿੱਤਰ  ਸਿੰਘ ਵਾਸੀ ਮਹਿਲ ਕਲਾਂ ਤੇ ਕੁਲਦੀਪ ਸਿੰਘ ਵਾਸੀ ਰਾਜਪੂਤ ਜੱਟਾਂ  ਖਿਲਾਫ ਇਕਬਾਲ ਸਿੰਘ  ਵਾਸੀ ਮੰਗਵਾਲ ਜ਼ਿਲਾ ਸੰਗਰੂਰ ਵੱਲੋਂ ਵੀ ਧੋਖਾਦੇਹੀ ਦਾ  ਕੇਸ ਸੰਗਰੂਰ ’ਚ  ਦਰਜ ਕਰਵਾਇਆ  ਗਿਆ  ਸੀ | ਜਿਸ ’ਚ ਇਕਬਾਲ ਸਿੰਘ ਨੂੰ ਇਟਲੀ ਭੇਜਣ ਲਈ ਉਕਤ ਲੋਕਾਂ ਨੇ  10 ਲੱਖ ਰੁਪਏ  ਦੀ ਮੰਗ ਕੀਤੀ | ਇਕਬਾਲ ਸਿੰਘ ਨੇ ਇਨ੍ਹਾਂ ਨੂੰ  10 ਲੱਖ ਰੁਪਏ ਦੇ ਦਿੱਤੇ  ਪਰ ਗੁਰਮੀਤ  ਸਿੰਘ ਤੇ ਉਸ ਦੇ ਸਾਥੀਆਂ ਨੇ ਇਕਬਾਲ ਸਿੰਘ ਨੂੰ ਰੂਸ ਦਾ ਵੀਜ਼ਾ ਲਗਵਾ ਦਿੱਤਾ | ਪੀਡ਼ਤ ਨੇ  ਭਾਰਤ ਵਾਪਸ ਆ ਕੇ ਜਦ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ|  ਮੁਲਜ਼ਮ ਪਵਿੱਤਰ ਸਿੰਘ ਤੇ ਕੁਲਦੀਪ ਸਿੰਘ ਨੂੰ ਪੁਲਸ ਪਹਿਲਾਂ  ਹੀ ਗ੍ਰਿਫ਼ਤਾਰ ਕਰ ਚੁੱਕੀ  ਹੈ। ਭਗੌਡ਼ਾ ਐਲਾਨੇ ਗਏ ਮੁਲਜ਼ਮ ਗੁਰਮੀਤ ਸਿੰਘ ਨੂੰ  ਵੀ ਹੁਣ ਪੁਲਸ ਵੱਲੋਂ ਗ੍ਰਿਫਤਾਰ  ਕਰ ਲਿਆ ਗਿਆ ਹੈ|


Related News