ਕੋਰੋਨਾ ਦੌਰਾਨ ਰੱਦ ਹੋਈ ਫਲਾਈਟ ਦੇ ਪੈਸੇ ਨਹੀਂ ਕੀਤੇ ਵਾਪਸ, ਟ੍ਰੈਵਲ ਕੰਪਨੀ ਨੂੰ ਲਾਇਆ ਹਰਜ਼ਾਨਾ
Tuesday, May 14, 2024 - 01:46 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਕੋਵਿਡ ਦੌਰਾਨ ਰੱਦ ਹੋਈ ਉਡਾਣ ਦੀਆਂ ਟਿਕਟਾਂ ਦੇ ਪੈਸੇ ਵਾਪਸ ਨਾ ਕਰਨ ’ਤੇ ਖ਼ਪਤਕਾਰ ਕਮਿਸ਼ਨ ਨੇ ਟ੍ਰੈਵਲ ਕੰਪਨੀ ਈਜ਼ ਮਾਈ ਟਰਿੱਪ ’ਤੇ 20 ਹਜ਼ਾਰ ਰੁਪਏ ਦਾ ਹਰਜ਼ਾਨਾ ਲਗਾਇਆ ਹੈ। ਸ਼ਿਕਾਇਤਕਰਤਾ ਨੇ ਸਾਥੀਆਂ ਨਾਲ ਮਿਲ ਕੇ ਦਿੱਲੀ ਤੋਂ ਗੋਆ ਆਉਣ-ਜਾਣ ਲਈ 10 ਟਿਕਟਾਂ ਇਸ ਕੰਪਨੀ ਰਾਹੀਂ ਬੁੱਕ ਕਰਵਾਈਆਂ ਸਨ। ਕੋਵਿਡ ਕਾਰਨ ਫਲਾਈਟ ਰੱਦ ਹੋਣ ’ਤੇ ਏਅਰਲਾਈਨਜ਼ ਨੇ ਟਿਕਟ ਦੀ ਰਕਮ ਵਾਪਸ ਟਰਾਂਸਫਰ ਕਰ ਦਿੱਤੀ ਪਰ ਟ੍ਰੈਵਲ ਕੰਪਨੀ ਨੇ ਸਮੇਂ ਸਿਰ ਪੈਸੇ ਵਾਪਸ ਨਹੀਂ ਕੀਤੇ। ਇਸ ’ਤੇ ਕਮਿਸ਼ਨ ਨੇ ਕੰਪਨੀ 'ਤੇ ਹਰਜ਼ਾਨਾ ਲਾਇਆ ਹੈ।
ਦੋਵਾਂ ਨੇ ਪੇਸ਼ ਕੀਤੇ ਆਪੋ-ਆਪਣੇ ਪੱਖ
ਏਅਰਲਾਈਨ ਕੰਪਨੀ ਨੇ ਦਾਇਰ ਜਵਾਬ ’ਚ ਕਿਹਾ ਕਿ ਕੋਰੋਨਾ ਕਾਰਨ ਉਡਾਣ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 1 ਅਪ੍ਰੈਲ, 2020 ਨੂੰ ਸ਼ਿਕਾਇਤਕਰਤਾ ਧਿਰ ਨੂੰ ਸੂਚਿਤ ਕਰਦਿਆਂ ਉਨ੍ਹਾਂ ਨੇ ਦੱਸਿਆ ਸੀ ਕਿ ਟਿਕਟ ਦੀ ਰਕਮ ਕੰਪਨੀ ਕੋਲ ਕ੍ਰੈਡਿਟ ਸ਼ੈੱਲ ਅਧੀਨ ਸੁਰੱਖਿਅਤ ਹੈ। ਸ਼ਿਕਾਇਤਕਰਤਾ ਨੇ ਜੂਨ 2020 ’ਚ ਗਾਹਕ ਸੇਵਾ ਅਧਿਕਾਰੀ ਨਾਲ ਸੰਪਰਕ ਕੀਤਾ ਤੇ ਟਿਕਟ ਦੇ 40 ਹਜ਼ਾਰ 440 ਰੁਪਏ ਵਾਪਸ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ 14 ਜੂਨ, 2020 ਨੂੰ ਰਿਫੰਡ ਪ੍ਰਕਿਰਿਆ ਪੂਰੀ ਕਰ ਲਈ ਸੀ ਤੇ ਰਕਮ ਟ੍ਰੈਵਲ ਕੰਪਨੀ ਈਜ਼ ਮਾਈ ਟਰਿੱਪ ਕੋਲ ਉਪਲੱਬਧ ਸੀ। ਇਸ ਲਈ ਸ਼ਿਕਾਇਤਕਰਤਾ ਨੂੰ ਕੁੱਝ ਵੀ ਅਦਾ ਕਰਨ ਲਈ ਜ਼ਿੰਮੇਵਾਰ ਨਹੀਂ ਹਨ। ਈਜ਼ ਮਾਈ ਟਰਿੱਪ ਨੇ ਜਵਾਬ ’ਚ ਕਿਹਾ ਕਿ ਇਹ ਸਿਰਫ਼ ਸੇਵਾਵਾਂ ਪ੍ਰਦਾਨ ਕਰਨ ਦੀ ਸੁਵਿਧਾ ਹੈ। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਸ਼ਿਕਾਇਤਕਰਤਾ ਤੋਂ ਸਵੈ-ਸੇਵਾ ਪੋਰਟਲ ’ਤੇ 6 ਨਵੰਬਰ 2021 ਨੂੰ ਰਿਫੰਡ ਦੀ ਬੇਨਤੀ ਪ੍ਰਾਪਤ ਹੋਈ ਸੀ। ਇਸ ਤੋਂ ਬਾਅਦ 11 ਨਵੰਬਰ 2021 ਨੂੰ ਈ. ਐੱਮ. ਟੀ. ਵਾਇਲਟ ’ਤੇ ਰਿਫੰਡ ਪ੍ਰਕਿਰਿਆ ਕੀਤੀ। ਇਸ ਤੋਂ ਇਲਾਵਾ ਉਸ ਨੇ ਸ਼ਿਕਾਇਤਕਰਤਾ ਨੂੰ ਪੂਰੀ ਰਕਮ ਬਿਨਾਂ ਕਟੌਤੀ ਵਾਪਸ ਕਰ ਦਿੱਤੀ ਹੈ।
ਇਹ ਹੈ ਮਾਮਲਾ
ਸੈਕਟਰ-44ਏ ਦੇ ਅਮਿਤ ਕੁਮਾਰ ਸ਼ਰਮਾ, ਮੋਹਾਲੀ ਦੇ ਜਗਦੀਪ ਸਿੰਘ, ਸੈਕਟਰ-28ਸੀ ਦੇ ਮਹੇਸ਼, ਬਠਿੰਡਾ ਦੇ ਸਵਰਨਜੀਤ ਸਿੰਘ ਤੇ ਸੈਕਟਰ-16ਏ ਦੇ ਟੀਕਾਰਾਮ ਭੁਸਾਲ ਨੇ ਜ਼ਿਲਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ’ਚ ਏਅਰਲਾਈਨਜ਼ ਕੰਪਨੀ ਤੇ ਈਜ਼ ਮਾਈ ਟਰਿੱਪ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਤੋਂ ਗੋਆ ਆਉਣ-ਜਾਣ ਲਈ ਕੁੱਲ 10 ਟਿਕਟਾਂ ਬੁੱਕ ਕੀਤੀਆਂ ਗਈਆਂ ਸਨ। 11 ਅਪ੍ਰੈਲ 2020 ਨੂੰ ਜਾਣ, 14 ਅਪ੍ਰੈਲ 2020 ਨੂੰ ਵਾਪਸੀ ਲਈ ਟਿਕਟਾਂ ਦੇ 42,690 ਰੁਪਏ ਦਾ ਭੁਗਤਾਨ ਕੀਤਾ ਗਿਆ। ਯਾਤਰਾ ਤੋਂ ਪਹਿਲਾਂ ਅਮਿਤ ਨੂੰ ਏਅਰਲਾਈਨ ਤੋਂ ਈਮੇਲ ਆਈ ਕਿ ਕੋਰੋਨਾ ਕਾਰਨ ਉਡਾਣਾਂ 14 ਅਪ੍ਰੈਲ 2020 ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਕੰਪਨੀ ਨੇ ਸੁਝਾਅ ਦਿੱਤਾ ਕਿ ਬੁਕਿੰਗ ਨੂੰ ਪੱਤਰ ਜਾਰੀ ਕਰਨ ਦੀ ਮਿਤੀ ਤੋਂ 1 ਸਾਲ ਲਈ ਕ੍ਰੈਡਿਟ ਸ਼ੈੱਲ ਵਜੋਂ ਸੁਰੱਖਿਅਤ ਕੀਤਾ ਜਾਵੇ। ਸ਼ਿਕਾਇਤਕਰਤਾ ਅਮਿਤ ਨੇ ਏਅਰਲਾਈਨ ਦੀ ਵੈੱਬਸਾਈਟ ’ਤੇ ਕਈ ਵਾਰ ਸੰਪਰਕ ਕੀਤਾ ਤੇ ਬੁਕਿੰਗ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸੇਵਾ ’ਚ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਮੁਲਜ਼ਮ ਧਿਰ ਖ਼ਿਲਾਫ਼ ਕਮਿਸ਼ਨ ਵਿਚ ਕੇਸ ਦਰਜ ਕਰਵਾਇਆ।