ਵਿਦੇਸ਼ ਭੇਜਣ ਦੇ ਵੱਖ-ਵੱਖ ਮਾਮਲਿਆਂ ’ਚ ਲੱਖਾਂ ਰੁਪਏ ਦੀ ਠੱਗੀ, 5 ਨਾਮਜ਼ਦ

Friday, Jul 07, 2023 - 05:52 PM (IST)

ਵਿਦੇਸ਼ ਭੇਜਣ ਦੇ ਵੱਖ-ਵੱਖ ਮਾਮਲਿਆਂ ’ਚ ਲੱਖਾਂ ਰੁਪਏ ਦੀ ਠੱਗੀ, 5 ਨਾਮਜ਼ਦ

ਬਠਿੰਡਾ (ਸੁਖਵਿੰਦਰ) : ਪੁਲਸ ਵਲੋਂ ਵਿਦੇਸ਼ ਭੇਜਣ ਦੇ ਵੱਖ-ਵੱਖ ਮਾਮਲਿਆਂ ’ਚ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ।ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਵਾਸੀ ਬਾਜਕ ਨੇ ਸਿਵਲ ਲਾਈਨ ਪੁਲਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਉਸ ਦੇ ਲੜਕੇ ਨੇ ਮਲੇਸ਼ੀਆ ਜਾਣ ਲਈ ਮੁਲਜ਼ਮ ਮੁਕਲ ਕੁਮਾਰ ਮਾਲਕ ਏ. ਬੀ . ਐੱਮ ਇਮੀਗ੍ਰੇਸ਼ਨ ਕੋਲ ਅਪਲਾਈ ਕੀਤਾ ਸੀ। ਉਕਤ ਮੁਲਜ਼ਮ ਨੇ ਉਸ ਕੋਲੋਂ 1,50,000 ਹਜ਼ਾਰ ਰੁਪਏ ਲਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਮੁਲਜ਼ਮ ਵਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਉਹ ਉਸਦੇ ਲੜਕੇ ਨੂੰ ਮਲੇਸ਼ੀਆ ਵਿਚ ਕੰਮ ਦਿਵਾਉਣਗੇ ਪ੍ਰੰਤੂ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮ ਵਲੋਂ ਉਸ ਨਾਲ ਠੱਗੀ ਮਾਰੀ ਹੈ।

ਇਸੇ ਤਰ੍ਹਾਂ ਅਮਰੀਕ ਸਿੰਘ ਵਾਸੀ ਗਿੱਲਪੱਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮ ਗੁਰਜੀਤ ਕੌਰ ਪਤਨੀ ਪ੍ਰਦੀਪ ਸਿੰਘ, ਪ੍ਰਦੀਪ ਸਿੰਘ ਵਾਸੀ ਮੋਗਾ, ਅਨਮੋਲ ਸਿੰਘ, ਸੰਦੀਪ ਸਿੰਘ ਵਾਸੀ ਲੁਧਿਆਣਾ ਨੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਆਪਣੀਆ ਗੱਲਾਂ ਵਿਚ ਫਸਾ ਲਿਆ। ਆਪਣੇ ਝਾਂਸੇ ਵਿਚ ਫਸਾ ਕੇ ਉਕਤ ਮੁਲਜ਼ਮਾਂ ਵਲੋਂ ਉਸ ਕੋਲੋਂ 3,55,000 ਹਜ਼ਾਰ ਰੁਪਏ ਵੀ ਲੈ ਗਏ। ਇਸ ਤੋਂ ਬਾਅਦ ਨਾ ਤਾਂ ਉਸ ਦੇ ਪੈਸੇ ਵਾਪਿਸ ਕੀਤੇ ਅਤੇ ਨਾ ਹੀ ਉਸਦਾ ਵੀਜ਼ਾ ਲਗਵਾਇਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਉਕਤ ਮੁਲਜ਼ਮਾਂ ਵਲੋਂ ਉਸ ਨਾਲ ਠੱਗੀ ਮਾਰੀ ਗਈ ਹੈ। ਪੁਲਸ ਵਲੋਂ ਉਕਤ ਸਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News