ਲਿੰਗ ਨਿਰਧਾਰਤ ਟੈਸਟ ਕਰਵਾਉਣ ਦੀ ਆਡ਼ ’ਚ ਆਸ਼ਾ ਵਰਕਰ ਵੱਲੋਂ ਠੱਗੀ ਮਾਰਨ ਦਾ ਪਰਦਾਫਾਸ਼
Thursday, Aug 02, 2018 - 02:19 AM (IST)

ਮਾਨਸਾ(ਜੱਸਲ)-ਸਿਵਲ ਸਰਜਨ ਸਿਰਸਾ ਨੇ ਇਕ ਵਿਸ਼ੇਸ਼ ਟੀਮ ਗਠਿਤ ਕਰਕੇ ਸਿਵਲ ਹਸਪਤਾਲ ਮਾਨਸਾ ਦੀ ਇਕ ਆਸ਼ਾ ਵਰਕਰ ਵੱਲੋਂ ਲਿੰਗ ਨਿਰਧਾਰਤ ਟੈਸਟ ਕਰਵਾਉਣ ਦੀ ਆਡ਼ ’ਚ ਠੱਗੀ ਮਾਰਨ ਦਾ ਪਰਦਾਫਾਸ਼ ਕੀਤਾ ਹੈ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਸਿਵਲ ਸਰਜਨ ਸਿਰਸਾ ਨੂੰ ਗੁਪਤ ਸੂਚਨਾ ਮਿਲੀ ਕਿ ਸਿਵਲ ਹਸਪਤਾਲ ਮਾਨਸਾ ’ਚ ਕੰਮ ਕਰਦੀ ਆਸ਼ਾ ਵਰਕਰ ਲਿੰਗ ਨਿਰਧਾਰਤ ਟੈਸਟ ਕਰਵਾਉਂਦੀ ਹੈ। ਉਨ੍ਹਾਂ ਨੇ ਡਿਪਟੀ ਸਿਵਲ ਸਰਜਨ ਡਾ. ਬੁੱਧ ਰਾਮ ਦੀ ਅਗਵਾਈ ’ਚ ਵਿਸ਼ੇਸ਼ ਟੀਮ ਗਠਿਤ ਕਰਕੇ ਇਕ ਅਗਿਆਤ ਅੌਰਤ ਨੂੰ ਉਸ ਆਸ਼ਾ ਵਰਕਰ ਕੋਲ ਭੇਜਿਆ ਤਾਂ ਉਹ ਅੌਰਤ ਨੂੰ ਡਾਇਗਨੋਸਟਿਕ ਸੈਂਟਰ ਮਾਨਸਾ ’ਤੇ ਲੈ ਗਈ ਅਤੇ ਪੇਟ ਦਾ ਟੈਸਟ ਕਰਵਾ ਕੇ ਬਾਹਰ ਆ ਕੇ ਕਹਿਣ ਲੱਗੀ ਕਿ ਤੇਰੇ ਮੁੰਡਾ ਹੋਵੇਗਾ ਅਤੇ 10 ਹਜ਼ਾਰ ਰੁਪਏ ਦੀ ਮੰਗ ਕਰਨ ਲੱਗੀ ਤਾਂ ਉਸ ਅੌਰਤ ਨੇ ਆਸ਼ਾ ਵਰਕਰ ਨੂੰ 10 ਹਜ਼ਾਰ ਰੁਪਏ ਫਡ਼ਾ ਦਿੱਤੇ। ਇਸ ਮੌਕੇ ਵਿਸ਼ੇਸ਼ ਟੀਮ ਨੇ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਦੀ ਹਾਜ਼ਰੀ ’ਚ 10 ਹਜ਼ਾਰ ਰੁਪਏ ਬਰਾਮਦ ਕਰਕੇ ਉਸ ਅੌਰਤ ਨੂੰ ਕਾਬੂ ਕਰ ਲਿਆ ਅਤੇ ਇਸ ਟੀਮ ਨੇ ਅਗਿਆਤ ਅੌਰਤ ਨੂੰ ਫਡ਼ਾਏ ਨੋਟਾਂ ਦੇ ਵਿਸ਼ੇਸ਼ ਟੀਮ ਨੇ ਪਹਿਲਾਂ ਹੀ ਨੰਬਰ ਨੋਟ ਕਰ ਲਏ ਸਨ। ਜਦੋਂ ਵਿਸ਼ੇਸ ਟੀਮ ਡਾਇਗਨੋਸਟਿਕ ਸੈਂਟਰ ’ਤੇ ਗਈ ਤਾਂ ਪਡ਼ਤਾਲ ਕਰਨ ’ਤੇ ਉਸ ਦਾ ਰਿਕਾਰਡ ਸਹੀ ਪਾਇਆ ਗਿਆ। ਇਸ ਤੋਂ ਆਸ਼ਾ ਵਰਕਰ ਵੱਲੋਂ ਅੌਰਤਾਂ ਨਾਲ ਲਿੰਗ ਨਿਰਧਾਰਤ ਟੈਸਟ ਕਰਵਾਉਣ ਦੀ ਆਡ਼ ’ਚ ਠੱਗੀ ਮਾਰਨ ਦਾ ਪਰਦਾਫਾਸ਼ ਹੋ ਗਿਆ। ਸਿਵਲ ਸਰਜਨ ਮਾਨਸਾ ਨੇ ਆਸ਼ਾ ਵਰਕਰ ਵਿਰੁੱਧ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਸਿਹਤ ਵਿਭਾਗ ਹਰਿਆਣਾ ਦੇ ਜ਼ਿਲਾ ਸਿਰਸਾ ਦੇ ਸਿਵਲ ਸਰਜਨ ਵੱਲੋਂ ਇਤਲਾਹ ਦਿੱਤੀ ਗਈ ਸੀ, ਹੁਣ ਉਹ ਬਣਦੀ ਕਾਰਵਾਈ ਕਰਨਗੇ। ਡਿਪਟੀ ਸਿਵਲ ਸਰਜਨ ਸਿਰਸਾ ਡਾ. ਬੁੱਧ ਰਾਮ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਦੇ ਅਧਾਰ ’ਤੇ ਮਿਲੀ ਜਾਣਕਾਰੀ ਤਹਿਤ ਹੀ ਉਹ ਅੱਜ ਮਾਨਸਾ ਪਹੁੰਚੇ ਸਨ, ਜਿਸ ਤਹਿਤ ਉਨ੍ਹਾਂ ਪੁਲਸ ਦੀ ਹਾਜ਼ਰੀ ਵਿਚ ਆਸ਼ਾ ਵਰਕਰ ਨੂੰ 10 ਹਜ਼ਾਰ ਰੁਪਏ ਸਮੇਤ ਰੰਗੇ ਹੱਥੀਂ ਫਡ਼ ਲਿਆ ਹੈ। ਜਦੋਂ ਕਿ ਇਸ ਸਬੰਧੀ ਸਬੰਧਤ ਅਲਟਰਾ ਸਾਊਂਡ ਦੇ ਸਾਰੇ ਕਾਗਜ਼ ਪੂਰੇ ਪਾਏ ਗਏ। ਇਸ ਮੌਕੇ ’ਤੇ ਪੁੱਜੇ ਸਿਟੀ-1 ਦੇ ਜਾਂਚ ਅਫ਼ਸਰ ਸਮਸ਼ੇਰ ਸਿੰਘ ਨੇ ਕਿਹਾ ਕਿ ਉਹ ਸਬੰਧਤ ਆਸ਼ਾ ਵਰਕਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਨਗੇ।