ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 18 ਲੱਖ ਰੁਪਏ

Sunday, Jun 17, 2018 - 06:09 AM (IST)

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 18 ਲੱਖ ਰੁਪਏ

ਕਪੂਰਥਲਾ, (ਭੂਸ਼ਣ)- ਇਕ ਪਰਿਵਾਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 18 ਲੱਖ ਰੁਪਏ ਦੀ ਰਕਮ ਠੱਗਣ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਔਰਤ ਸਮੇਤ 2 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਸਾਹੀ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਲਕਸ਼ਮੀ ਨਗਰ ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਜੁਲਾਈ 2016 'ਚ ਵਰਿੰਦਰਜੀਤ ਵਾਸੀ ਦਿਆਲਪੁਰ ਉਸ ਦੇ ਘਰ ਆਇਆ ਸੀ ਅਤੇ ਉਸ ਨੇ ਦੱਸਿਆ ਕਿ ਮੈਂ ਤੁਹਾਡੇ ਰਿਸ਼ਤੇਦਾਰ ਨੂੰ ਆਪਣੀ ਰਿਸ਼ਤੇਦਾਰ ਟ੍ਰੈਵਲ ਰਾਜਵਿੰਦਰ ਕੌਰ ਪੁੱਤਰੀ ਕਰਮ ਸਿੰਘ ਪਤਨੀ ਸੁੱਚਾ ਸਿੰਘ ਵਾਸੀ ਧੀਰੋ ਕੋਟ ਜ਼ਿਲਾ ਤਰਨਤਾਰਨ ਰਾਹੀਂ ਕੈਨੇਡਾ ਭੇਜਿਆ ਹੈ। ਉਹ ਕੈਨੇਡਾ ਦੀ ਗੇਮ ਚਲਦੀ ਹੈ, ਜੇਕਰ ਉਹ ਪਰਿਵਾਰ ਸਮੇਤ ਕੈਨੇਡਾ ਜਾਣਾ ਚਾਹੁੰਦਾ ਹੈ ਤਾਂ ਉਸ ਦੀ ਰਾਜਵਿੰਦਰ ਕੌਰ ਨਾਲ ਗੱਲਬਾਤ ਕਰਵਾ ਸਕਦਾ ਹੈ, ਜਿਸ ਤੋਂ 15 ਦਿਨਾਂ ਬਾਅਦ ਰਾਜਵਿੰਦਰ ਕੌਰ ਸਾਡੇ ਘਰ ਆ ਗਈ ਅਤੇ ਉਸ ਨੇ ਮੇਰੇ ਪਰਿਵਾਰ ਨੂੰ ਕੈਨੇਡਾ ਭੇਜਣ ਲਈ 18 ਲੱਖ ਰੁਪਏ 'ਚ ਗਲਬਾਤ ਕਰ ਲਈ। 
ਰਾਜਵਿੰਦਰ ਕੌਰ ਨੇ ਉਸ ਕੋਲੋਂ ਉਸ ਦਾ, ਉਸ ਦੀ ਪਤਨੀ, ਲੜਕੇ ਅਤੇ ਲੜਕੀ ਦਾ ਪਾਸਪੋਰਟ ਲੈ ਲਿਆ। 12 ਸਤੰਬਰ 2016 ਨੂੰ ਰਾਜਵਿੰਦਰ ਕੌਰ ਉਸ ਦੇ ਘਰ ਆਈ ਅਤੇ ਉਸ ਨੇ ਆਪਣੀ ਪਤਨੀ ਦੇ ਖਾਤੇ 'ਚੋਂ 4 ਲੱਖ ਰੁਪਏ ਦੀ ਰਕਮ ਕੱਢਵਾ ਕੇ ਉਸ ਨੂੰ ਦੇ ਦਿੱਤੀ, ਜਿਸ ਤੋਂ ਬਾਅਦ 17 ਸਤੰਬਰ 2016 ਨੂੰ ਫਿਰ ਉਸ ਦੇ ਘਰ ਆ ਗਈ ਅਤੇ ਉਸ ਨੂੰ ਕਿਹਾ ਕਿ ਉਨ੍ਹਾਂ ਦੇ ਕੈਨੇਡਾ ਦੇ ਵੀਜ਼ੇ ਲੱਗ ਗਏ ਹਨ, ਜਿਸ 'ਤੇ ਉਸ ਨੇ ਆਪਣੀ ਘਰਵਾਲੀ ਦੇ ਖਾਤੇ 'ਚੋਂ 8.40 ਲੱਖ ਰੁਪਏ, ਆਪਣੇ ਖਾਤੇ 'ਚੋਂ 1.60 ਲੱਖ ਰੁਪਏ ਅਤੇ 70 ਹਜ਼ਾਰ ਰੁਪਏ ਕਢਵਾ ਕੇ ਹੋਰ ਪੈਸਿਆਂ ਦਾ ਪ੍ਰਬੰਧ ਕਰਦੇ ਹੋਏ ਕੁਲ 14 ਲੱਖ ਰੁਪਏ ਦੀ ਰਕਮ ਰਾਜਵਿੰਦਰ ਕੌਰ ਨੂੰ ਦੇ ਦਿੱਤੀ, ਜਿਸ ਦੌਰਾਨ ਰਾਜਵਿੰਦਰ ਕੌਰ ਨੇ 20 ਸਤੰਬਰ 2016 ਨੂੰ ਉਸ ਦੀ ਫਲਾਈਟ ਦਿੱਲੀ ਤੋਂ ਥਾਈਲੈਂਡ ਦੀ ਕਰਵਾ ਦਿੱਤੀ ਅਤੇ ਕਿਹਾ ਕਿ ਉਹ ਥਾਈਲੈਂਡ ਤੋਂ ਉਸ ਦੀ ਕੈਨੇਡਾ ਫਲਾਈਟ ਕਰਵਾ ਦੇਵੇਗੀ, ਜਿਸ ਦੌਰਾਨ ਉਹ ਪਰਿਵਾਰ ਸਮੇਤ 10 ਦਿਨ ਤਕ ਥਾਈਲੈਂਡ ਠਹਿਰੇ ਪਰ ਉਸ ਦੀ ਕੈਨੇਡਾ ਲਈ ਫਲਾਈਟ ਨਹੀਂ ਕਰਵਾਈ। ਇਸ ਕਾਰਨ 30 ਸਤੰਬਰ 2016 ਨੂੰ ਥਾਈਲੈਂਡ ਤੋਂ ਉਹ ਵਾਪਸ ਆ ਗਏ। ਇਸ ਦੌਰਾਨ ਜਦੋਂ ਉਸ ਨੇ ਦੋਵਾਂ ਮੁਲਜ਼ਮਾਂ ਤੋਂ ਆਪਣੇ 18 ਲੱਖ ਰੁਪਏ ਦੀ ਰਕਮ ਮੰਗੀ ਤਾਂ ਉਨ੍ਹਾਂ ਰਕਮ ਵਾਪਸ ਨਹੀਂ ਕੀਤੀ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਦੋਵਾਂ ਮੁਲਜ਼ਮਾਂ ਰਾਜਵਿੰਦਰ ਕੌਰ ਅਤੇ ਵਰਿੰਦਰਜੀਤ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ, ਜਿਸ ਦੇ ਆਧਾਰ 'ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

 


Related News