ਪੈਸੇ ਦੁੱਗਣੇ ਕਰਨ ਦੇ ਨਾਂ ''ਤੇ 46 ਲੱਖ ਦੀ ਠੱਗੀ, 6 ਨਾਮਜ਼ਦ
Saturday, Mar 31, 2018 - 03:14 AM (IST)

ਬਠਿੰਡਾ(ਸੁਖਵਿੰਦਰ)-ਪੁਲਸ ਵੱਲੋਂ ਪੈਸੇ ਦੁੱਗਣੇ ਕਰਨ ਦੇ ਦੋ ਮਾਮਲਿਆਂ 'ਚ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਸਮੇਤ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਯਸ਼ਪਾਲ ਗੋਇਲ ਵਾਸੀ ਰਾਮਪੁਰਾ ਫੂਲ ਨੇ ਸਿਟੀ ਰਾਮਪੁਰਾ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਰਾਜ ਕੁਮਾਰ ਉਸ ਦੀ ਪਤਨੀ ਅਨੀਤਾ ਰਾਣੀ ਤੇ ਕਮਲ ਜਿੰਦਲ ਵਾਸੀ ਰਾਮਪੁਰਾ ਫੂਲ ਕੰਪਨੀ ਚਲਾ ਕੇ ਲੋਕਾਂ ਦਾ ਪੈਸਾ ਜਮ੍ਹਾ ਕਰਵਾਉਂਦੇ ਸਨ। ਇਸ ਦੌਰਾਨ ਮੁਲਜ਼ਮਾਂ ਨੇ ਦੋ ਸਾਲਾਂ 'ਚ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਉਸ ਨੂੰ ਆਪਣੀਆਂ ਗੱਲਾਂ 'ਚ ਫਸਾ ਲਿਆ ਤੇ ਉਸ ਕੋਲੋਂ 35 ਲੱਖ ਰੁਪਏ ਲੈ ਗਏ। ਸਮਾਂ ਪੂਰਾ ਹੋਣ 'ਤੇ ਜਦੋਂ ਉਨ੍ਹਾਂ ਨੇ ਮੁਲਜ਼ਮਾਂ ਤੋਂ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰ ਕੇ ਉਸ ਨਾਲ ਠੱਗੀ ਮਾਰੀ ਹੈ। ਇਸੇ ਤਰ੍ਹਾਂ ਅਕਾਸ਼ਦੀਪ ਸਿੰਘ ਵਾਸੀ ਮਾਡਲ ਟਾਊਨ ਨੇ ਕੈਂਟ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸੋਭਿਤ ਜਸਰੋਟੀਆ, ਨਿਤਿਨ ਵਾਸੀ ਚੰਡੀਗੜ੍ਹ ਤੇ ਸਿਧਾਰਥ ਵਾਸੀ ਪੰਚਕੂਲਾ ਆਨਲਾਈਨ ਕੰਪਨੀ ਚਲਾ ਕੇ ਲੋਕਾਂ ਦੇ ਪੈਸੇ ਲਗਵਾਉਂਦੇ ਹਨ। ਕੁਝ ਸਮਾਂ ਪਹਿਲਾਂ ਮੁਲਜ਼ਮਾਂ ਨੇ ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਉਸ ਨੂੰ ਆਪਣੀਆਂ ਗੱਲਾਂ 'ਚ ਫਸਾ ਲਿਆ। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਆਪਣੀ ਕੰਪਨੀ 'ਚ ਉਸ ਕੋਲੋਂ 11,31,725 ਰੁਪਏ ਲਗਵਾ ਦਿੱਤੇ। ਇਸ ਤੋਂ ਬਾਅਦ ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਵਿਅਕਤੀਆਂ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।