ਠੱਗੀ ਦਾ ਸ਼ਿਕਾਰ ਹੋ ਰਹੇ ਨੇ ਆਈਲੈਟਸ ਵਿਦਿਆਰਥੀ

11/19/2017 2:48:27 AM

ਗੈਂਗਸਟਰ ਦੀ ਧਮਕੀ 'ਤੇ ਸੰਚਾਲਿਕਾ ਨੇ ਬੰਦ ਕੀਤਾ ਸੈਂਟਰ
ਬਠਿੰਡਾ(ਵਰਮਾ)-ਬੇਸ਼ੱਕ ਪੰਜਾਬ ਪੁਲਸ ਗੈਂਗਸਟਰਾਂ 'ਤੇ ਸ਼ਿਕੰਜਾ ਕੱਸ ਰਹੀ ਹੈ ਪਰ ਇਸ ਦੇ ਬਾਵਜੂਦ ਗੈਂਗਸਟਰਾਂ ਦੀਆਂ ਧਮਕੀਆਂ ਅੱਗੇ ਵਪਾਰੀ ਵਰਗ ਝੁਕਿਆ ਹੋਇਆ ਹੈ। ਅਜਿਹਾ ਹੀ ਇਕ ਮਾਮਲਾ ਬਠਿੰਡਾ 'ਚ ਆਈਲੈਟਸ ਕੋਚਿੰਗ ਸੈਂਟਰ ਚਲਾਉਣ ਵਾਲੀ ਔਰਤ ਸੰਚਾਲਿਕਾ ਨਾਲ ਹੋਇਆ, ਜਿਸ ਨੂੰ ਇੱਥੋਂ ਦੇ ਕਥਿਤ ਗੈਂਗਸਟਰ ਨੇ ਧਮਕੀ ਦੇ ਕੇ ਪੈਸਿਆਂ ਦੀ ਵਸੂਲੀ ਕੀਤੀ ਅਤੇ ਉਸ ਨੂੰ ਆਪਣਾ ਕੋਚਿੰਗ ਸੈਂਟਰ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਉਕਤ ਔਰਤ ਦਾ ਇਹ ਵੀ ਦੋਸ਼ ਹੈ ਕਿ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਉਕਤ ਔਰਤ 'ਤੇ ਵੀ ਵਿਦਿਆਰਥੀਆਂ ਨੂੰ ਪੇਪਰ ਦਿਵਾਉਣ ਦੇ ਨਾਂ 'ਤੇ ਠੱਗੀ ਦੇ ਦੋਸ਼ ਲੱਗੇ ਹਨ।  ਬਠਿੰਡਾ 'ਚ ਦੋ ਆਈਲੈਟਸ ਸੈਂਟਰ ਚਲਾਉਣ ਵਾਲੀ ਭਾਵਿਕਾ ਸ਼ਰਮਾ ਨੇ ਦੱਸਿਆ ਕਿ ਉਸ ਦਾ ਆਈਲੈਟਸ ਕੋਚਿੰਗ ਸੈਂਟਰ ਦਾ ਕਾਰੋਬਾਰ ਠੀਕ ਚੱਲ ਰਿਹਾ ਸੀ। ਇਸ ਦੌਰਾਨ ਉਸ ਨੇ ਟੋਫਲ ਦੀ ਪ੍ਰੀਖਿਆ ਲਈ 3 ਵਿਦਿਆਰਥੀਆਂ ਨੂੰ ਪੇਪਰ ਦਿਵਾਏ, ਜਿਸ 'ਚੋਂ ਇਕ ਦੀ ਸਿਲੈਕਸ਼ਨ ਵੀ ਹੋਈ। ਇਸ ਮਾਮਲੇ 'ਚ ਉਹ ਪੇਪਰ ਦਿਵਾਉਣ ਲਈ ਚੰਡੀਗੜ੍ਹ ਗਈ, ਜਿੱਥੇ ਉਸ ਦੀ ਮੁਲਾਕਾਤ ਮਨਪ੍ਰੀਤ ਨਾਂ ਦੇ ਇਕ ਵਿਅਕਤੀ ਨਾਲ ਹੋਈ, ਜਿਸ ਨੇ ਉਸ ਨੂੰ ਲਾਲਚ ਦਿੱਤਾ ਕਿ ਉਹ ਉਨ੍ਹਾਂ ਨੂੰ ਆਈਲੈਟਸ ਦਾ ਪੇਪਰ ਪਹਿਲਾਂ ਹੀ ਲੀਕ ਕਰਵਾ ਦੇਵੇਗਾ ਅਤੇ ਵਿਦਿਆਰਥੀਆਂ ਦੇ ਚੰਗੇ ਬੈਂਡ ਆਉਣਗੇ। 
ਉਸ ਨੇ ਦੱਸਿਆ ਕਿ ਉਹ ਉਸ ਦੇ ਝਾਂਸੇ 'ਚ ਆ ਗਈ। ਉਸ ਨੇ ਆਈਲੈਟਸ ਕਰ ਰਹੇ ਵਿਦਿਆਰਥੀਆਂ ਕੋਲੋਂ 1 ਤੋਂ 3 ਲੱਖ ਰੁਪਏ ਸਿਰਫ ਪ੍ਰਸ਼ਨ ਪੱਤਰ ਲੀਕ ਕਰਨ ਦੇ ਨਾਂ 'ਤੇ ਇਕੱਠੇ ਕੀਤੇ ਅਤੇ ਮਨਪ੍ਰੀਤ ਦੇ ਦੋ ਸਾਥੀ ਗੁਰਲਾਲ ਤੇ ਲਖਵੀਰ ਨੂੰ 58 ਲੱਖ ਰੁਪਏ ਦੇ ਦਿੱਤੇ। 21 ਜਨਵਰੀ 2016 ਆਈਲੈਟਸ ਦਾ ਪੇਪਰ ਸੀ, ਬਲਕਿ ਉਸ ਦਾ ਪ੍ਰਸ਼ਨ ਪੱਤਰ 20 ਜਨਵਰੀ ਨੂੰ ਉਕਤ ਮੁਲਜ਼ਮਾਂ ਨੇ ਲਗਭਗ ਸਾਢੇ 10 ਲੱਖ ਰੁਪਏ ਵਿਚ ਵੇਚ ਦਿੱਤਾ। 21 ਜਨਵਰੀ ਨੂੰ ਜਦੋਂ ਵਿਦਿਆਰਥੀ ਪੇਪਰ ਦੇਣ ਪਹੁੰਚੇ ਤਾਂ ਉਹੀ ਪੇਪਰ ਸੀ, ਜੋ ਉਨ੍ਹਾਂ ਨੂੰ 20 ਜਨਵਰੀ ਨੂੰ ਮਿਲਿਆ, ਜਿਸ ਨਾਲ ਉਹ ਖੁਸ਼ ਹੋ ਗਏ। ਮੰਦਭਾਗਾ ਇਹ ਰਿਹਾ ਕਿ ਇਕ ਵਿਦਿਆਰਥੀ ਜਿਸ ਤੋਂ ਪੈਸੇ ਲਏ ਸੀ, ਉਸ ਦੇ ਸਿਰਫ 5.0 ਬੈਂਡ ਆਏ। ਫਿਰ ਉਸ ਨੇ ਉਕਤ ਸੈਂਟਰਾਂ ਦੀ ਸੰਚਾਲਿਕਾ ਤੋਂ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਇਸ ਤਰ੍ਹਾਂ ਲਗਭਗ ਤਿੰਨ ਪੇਪਰ ਆਈਲੈਟਸ ਦੇ ਲੀਕ ਹੋਏ, ਜੋ ਵਿਦਿਆਰਥੀਆਂ ਨੂੰ ਦਿੱਤੇ ਪਰ ਇਸ 'ਚੋਂ ਕੁਝ ਵਿਦਿਆਰਥੀ ਹੀ ਸਫਲ ਹੋਏ ਅਤੇ ਬਾਕੀਆਂ ਨੇ ਆਪਣੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। 
ਪੇਪਰ ਲੀਕ ਕਰਨ ਵਾਲਾ ਗਿਰੋਹ ਉਸ ਤੋਂ 58 ਲੱਖ ਰੁਪਏ ਵਸੂਲ ਚੁਕਾ ਸੀ, ਜਦੋਂ ਉਸ ਨੇ ਗਿਰੋਹ ਤੋਂ ਪੈਸੇ ਮੰਗੇ ਤਾਂ ਉਨ੍ਹਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਸੈਂਟਰ ਸੰਚਾਲਿਕਾ ਅਨੁਸਾਰ ਇਸੇ ਦੌਰਾਨ ਉਸ ਦੇ ਘਰ 'ਚ ਇਕ ਗੈਂਗਸਟਰ ਆਪਣੇ ਸਾਥੀਆਂ ਸਮੇਤ ਆਇਆ ਅਤੇ ਉਸ ਨੇ 4 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਨਾਭਾ ਜੇਲ 'ਚ ਸਾਡੇ ਕੁਝ ਸਾਥੀ ਭੱਜ ਗਏ ਹਨ। ਉਨ੍ਹਾਂ ਨੂੰ ਹਥਿਆਰ ਦੇਣੇ ਹਨ। ਸੰਚਾਲਿਕਾ ਨੇ ਡਰਦਿਆਂ ਉਨ੍ਹਾਂ ਨੂੰ 3 ਲੱਖ ਰੁਪਏ ਦੇ ਦਿੱਤੇ। ਕੁਝ ਸਮੇਂ ਬਾਅਦ ਉਸ ਨੇ ਡਰਦੇ ਹੋਏ ਇਸ ਘਟਨਾ ਸਬੰਧੀ ਪੁਲਸ ਨੂੰ ਵੀ ਸੂਚਿਤ ਕੀਤਾ ਪਰ ਕਾਰਵਾਈ ਦੇ ਬਦਲੇ ਥਾਣਾ ਮੁਖੀ ਨੇ ਉਕਤ ਗੈਂਗਸਟਰ ਨੂੰ ਸਮਝਾ ਕੇ ਭੇਜ ਦਿੱਤਾ। ਕੁਝ ਦਿਨ ਬਾਅਦ ਗੈਂਗਸਟਰ ਦੇ ਭਰਾ ਦਾ ਫੋਨ ਆਇਆ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਦੇ ਬੱਚੇ ਅਗਵਾ ਕਰ ਲਏ ਜਾਣਗੇ। 
ਇਸ ਧਮਕੀ ਤੋਂ ਡਰ ਕੇ ਮਈ 2017 ਵਿਚ ਉਕਤ ਸੰਚਾਲਿਕਾ ਨੇ ਆਨਨ-ਫਾਨਨ 'ਚ ਆਪਣਾ ਸੈਂਟਰ ਬੰਦ ਕਰ ਕੇ ਬਠਿੰਡਾ ਛੱਡ ਦਿੱਤਾ ਅਤੇ ਚੰਡੀਗੜ੍ਹ ਚਲੀ ਗਈ। ਉਕਤ ਸੰਚਾਲਿਕਾ ਨੇ ਦੱਸਿਆ ਕਿ ਇਸ ਸਬੰਧੀ ਉਹ ਲਿਖਤੀ ਸ਼ਿਕਾਇਤ ਪੱਤਰ ਵੀ ਭੇਜ ਚੁੱਕੀ ਹੈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਵੇਲੇ ਦੇ ਥਾਣਾ ਮੁਖੀ ਨੇ ਕਿਹਾ ਕਿ ਉਕਤ ਸੈਂਟਰ ਸੰਚਾਲਿਕਾ ਝੂਠ ਬੋਲ ਰਹੀ ਹੈ, ਉਸ ਨੇ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ। ਸੰਚਾਲਿਕਾ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਅਜੇ ਉਹ ਜੈਪੁਰ 'ਚ ਹੈ, ਚੰਡੀਗੜ੍ਹ ਪਹੁੰਚ ਕੇ ਉਹ ਉਸ ਦੀ ਕਾਪੀ ਵੀ ਤੁਹਾਨੂੰ ਭੇਜ ਦੇਵੇਗੀ। 
ਪੇਪਰ ਕਰਵਾਉਣ ਦੇ ਨਾਂ 'ਤੇ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਕੀਤੇ ਇਕੱਠੇ
ਬਠਿੰਡਾ 'ਚ ਦਰਜਨਾਂ ਆਈਲੈਟਸ ਕੋਚਿੰਗ ਸੈਂਟਰ ਖੁੱਲ੍ਹੇ ਹਨ, ਜੋ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਵਸੂਲ ਰਹੇ ਹਨ। ਕਈ ਕੋਚਿੰਗ ਸੈਂਟਰ ਤਾਂ ਪੇਪਰ ਲੀਕ ਕਰਨ ਦੇ ਨਾਂ 'ਤੇ ਅਜੇ ਵੀ ਲੱਖਾਂ ਰੁਪਏ ਦਾ ਸੌਦਾ ਕਰਦੇ ਹਨ, ਜਿਨ੍ਹਾਂ ਦਾ ਇਕ ਅਜਿਹੇ ਗਿਰੋਹ ਨਾਲ ਸਬੰਧ ਬਣਿਆ ਹੋਇਆ ਹੈ, ਜੋ ਆਈਲੈਟਸ ਦਾ ਪੇਪਰ ਲੀਕ ਕਰਨ ਵਿਚ ਮਾਹਿਰ ਹੈ। ਇਸ ਗਿਰੋਹ ਕੋਲ ਮਹਿੰਗੀਆਂ ਗੱਡੀਆਂ ਹਨ, ਜਿਸ ਦਾ ਪ੍ਰਭਾਵ ਉਹ ਕੋਚਿੰਗ ਸੈਂਟਰਾਂ 'ਤੇ ਪਾਉਂਦੇ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਪੈਸੇ ਲੈਣ ਤੋਂ ਬਾਅਦ ਜੋ ਪੇਪਰ ਲੀਕ ਕੀਤਾ ਜਾਂਦਾ ਹੈ, ਉਹ ਬਿਲਕੁਲ ਠੀਕ ਹੁੰਦਾ ਹੈ। ਅਜਿਹੇ 'ਚ ਵਿਦਿਆਰਥੀ ਪੈਸੇ ਖਰਚ ਕਰ ਕੇ ਪੇਪਰ ਤਾਂ ਲੈ ਲੈਂਦੇ ਹਨ ਪਰ ਬੈਂਡ ਲੈਣ 'ਚ ਫਿਰ ਵੀ ਅਸਫਲ ਹੋ ਜਾਂਦੇ ਹਨ, ਜਦਕਿ ਉਨ੍ਹਾਂ ਦਾ ਵਿਦੇਸ਼ ਜਾਣ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ। ਪੁਲਸ ਕੋਲ ਅਜਿਹੀਆਂ ਕਈ ਸ਼ਿਕਾਇਤਾਂ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। 
ਪੁਲਸ ਕੋਲ ਸੰਚਾਲਿਕਾ ਖਿਲਾਫ ਕਈ ਸ਼ਿਕਾਇਤਾਂ 
ਆਈਲੈਟਸ ਕੋਚਿੰਗ ਸੈਂਟਰ ਸੰਚਾਲਿਕਾ ਖਿਲਾਫ ਪੁਲਸ ਕੋਲ ਕਈ ਸ਼ਿਕਾਇਤਾਂ ਹਨ, ਜਿਨ੍ਹਾਂ 'ਚ ਕੁਝ ਵਿਦਿਆਰਥੀਆਂ ਨੇ 7 ਲੱਖ ਰੁਪਏ ਤੱਕ ਵੀ ਦਿੱਤੇ, ਜਦਕਿ ਉਨ੍ਹਾਂ ਨੂੰ ਉੱਚ ਬੈਂਡ ਨਹੀਂ ਮਿਲੇ। ਉਨ੍ਹਾਂ ਨੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਹਨ, ਨਹੀਂ ਮਿਲਣ 'ਤੇ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਉਕਤ ਸੈਂਟਰਾਂ ਦੀ ਸੰਚਾਲਿਕਾ ਖਿਲਾਫ ਵੀ ਕਈ ਸ਼ਿਕਾਇਤਾਂ ਪੈਂਡਿੰਗ ਪਈਆਂ ਹਨ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ। 


Related News