ਕੈਪਟਨ ਰਜਵਾੜਾਸ਼ਾਹੀ, ਆਮ ਲੋਕਾਂ ਲਈ ਸਮਾਂ ਨਹੀਂ : ਸਾਬਕਾ ਸੰਸਦੀ ਸਕੱਤਰ

Thursday, Apr 12, 2018 - 05:48 PM (IST)

ਕੈਪਟਨ ਰਜਵਾੜਾਸ਼ਾਹੀ, ਆਮ ਲੋਕਾਂ ਲਈ ਸਮਾਂ ਨਹੀਂ : ਸਾਬਕਾ ਸੰਸਦੀ ਸਕੱਤਰ

ਭਵਾਨੀਗੜ੍ਹ (ਵਿਕਾਸ) — ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਅੱਜ ਭਵਾਨੀਗੜ੍ਹ ਵਿਖੇ ਕਰਵਾਏ ਗਏ ਸਰਕਾਰ ਦੇ ਕਰਜ ਮੁਆਫੀ ਸਮਾਗਮ ਸਬੰਧੀ ਕਿਹਾ ਕਿ ਦੇਸ਼ ਦੇ ਅੰਨਦਾਤਾ ਕਹੇ ਜਾਣ ਵਾਲੇ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਜਸ਼ਨ ਮਨਾ ਕੇ ਕੈਪਟਨ ਸਰਕਾਰ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ,ਜਦੋਂ ਕਿ ਸੂਬੇ 'ਚ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਲਾਲੇ ਪਏ ਹਨ, ਗਰੀਬ ਵਰਗ ਆਟਾ ਦਾਲ ਸਕੀਮ ਤੋਂ ਵਾਂਝਾ ਹੋ ਗਿਆ ਹੈ ਅਤੇ ਲੋੜਵੰਦ ਲੋਕ ਪੈਨਸ਼ਨਾਂ ਨੂੰ ਤਰਸ ਰਹੇ ਹਨ । ਗਰਗ ਨੇ ਕੈਪਟਨ ਸਰਕਾਰ 'ਤੇ ਵਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਆਮਦ ਲਈ ਖਰਚ ਕੀਤੇ ਕਰੋੜਾਂ ਰੁਪਏ ਦਾ ਬੋਝ ਸਰਕਾਰ ਸੂਬੇ ਦੇ ਖਜ਼ਾਨੇ 'ਤੇ ਪਾਉਂਣ ਦੀ ਬਜਾਏ ਕੈਪਟਨ ਅਪਣੀ ਜੇਬ 'ਚੋਂ ਕਰਨ । ਗਰਗ ਨੇ ਕਰਜ਼ ਮੁਆਫੀ ਸਮਾਗਮ 'ਚ ਕੈਪਟਨ ਦੇ ਨਹੀ ਪਹੁੰਚਣ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਕੈਪਟਨ ਅਪਣੀ ਰਜਵਾੜਾਸ਼ਾਹੀ ਸੋਚ ਨੂੰ ਤਿਆਗ ਕੇ ਕਦੇ ਵੀ ਆਮ ਲੋਕਾਂ 'ਚ ਵਿਚਰਨ ਨੂੰ ਪਹਿਲ ਨਹੀਂ ਦਿੰਦੇ । ਉਨ੍ਹਾਂ ਕਿਹਾ ਕਿ ਸਰਕਾਰ ਦਾ ਕਿਸਾਨ ਕਰਜ ਮੁਆਫੀ ਦਾ ਉਕਤ ਪ੍ਰੋਗਰਾਮ ਪੂਰੀ ਤਰ੍ਹਾਂ ਨਾਲ ਫਲਾਪ ਸ਼ੋਅ ਸਾਬਿਤ ਹੋਇਆ । ਗਰਗ ਨੇ ਅੱਗੇ ਕਿਹਾ ਕਿ ਕੈਪਟਨ ਅਤੇ ਜਾਖੜ ਦੇ ਆਪਸੀ ਮੱਤਭੇਦ ਨਾਲ ਕਾਂਗਰਸ ਅੰਦਰਲੀ ਫੁੱਟ ਵੀ ਅੱਜ ਇਸ ਮੰਚ ਤੋਂ ਜੱਗ ਜਾਹਰ ਹੋਈ ਹੈ, ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕਾਂਗਰਸ 'ਚ ਕੁੱਝ ਵੀ ਅੱਛਾ ਨਹੀ ਚੱਲ ਰਿਹਾ ।   


Related News