ਸਾਬਕਾ ਭਾਜਪਾ ਵਿਧਾਇਕ ਕੇ. ਡੀ. ਭੰਡਾਰੀ ਵੀ ਹੋਏ ਹੋਮ ਕੁਆਰੰਟਾਈਨ
Saturday, Apr 11, 2020 - 12:29 AM (IST)

ਜਲੰਧਰ, (ਖੁਰਾਣਾ)— ਪਿਛਲੇ ਦਿਨੀਂ ਜਲੰਧਰ 'ਚ ਅਚਾਨਕ ਕੋਰੋਨਾ ਪਾਜ਼ੇਟਿਵ ਕੇਸਾਂ 'ਚ ਵਾਧਾ ਹੋਇਆ ਅਤੇ ਜਲੰਧਰ ਨਾਰਥ ਵਿਧਾਨ ਸਭਾ ਹਲਕੇ 'ਚ ਇਕੱਠੇ 3 ਲੋਕ ਕੋਰੋਨਾ ਪਾਜ਼ੇਟਿਵ ਆਏ, ਜਿਸ ਕਾਰਣ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਾਰਥ ਹਲਕੇ ਦੇ ਸਾਰੇ ਆਗੂਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਇਸ ਨੂੰ ਵੇਖਦੇ ਹੋਏ ਨਾਰਥ ਹਲਕੇ ਦੇ ਸਾਬਕਾ ਭਾਜਪਾ ਵਿਧਾਇਕ ਕੇ. ਡੀ. ਭੰਡਾਰੀ ਵੀ ਆਪਣੇ ਘਰ 'ਚ ਹੋਮ ਕੁਆਰੰਟਾਈਨ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਕੋਰੋਨਾ ਦੇ ਕਾਰਣ ਹੋਏ ਲਾਕਡਾਊਨ 'ਚ ਸ਼੍ਰੀ ਭੰਡਾਰੀ ਨੇ ਆਪਣੇ ਸਾਥੀਆਂ ਸਣੇ ਨਾਰਥ ਹਲਕੇ ਦੀਆਂ ਵੱਖ-ਵੱਖ ਕਾਲੋਨੀਆਂ ਵਿਚ ਰਾਹਤ ਮੁਹਿੰਮ ਦੀ ਅਗਵਾਈ ਕੀਤੀ ਸੀ ਅਤੇ ਉਹ ਇਸ ਦੌਰਾਨ ਹਜ਼ਾਰਾਂ ਲੋਕਾਂ ਦੇ ਸੰਪਰਕ ਵਿਚ ਰਹੇ। ਸ਼੍ਰੀ ਭੰਡਾਰੀ ਨੇ ਦੱਸਿਆ ਕਿ ਹੋਮ ਕੁਆਰੰਟਾਈਨ ਦੌਰਾਨ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਸਮੇਂ ਫੋਨ 'ਤੇ ਉਪਲਬਧ ਰਹਿਣਗੇ।
ਕੌਂਸਲਰ ਕਮਲੇਸ਼ ਗਰੋਵਰ, ਅਨਮੋਲ ਗਰੋਵਰ ਅਤੇ ਸਲਿਲ ਬਾਹਰੀ ਨੂੰ ਵੀ ਕੀਤਾ ਗਿਆ ਕੁਆਰੰਟਾਈਨ
ਸ਼ਹਿਰ 'ਚ ਕੋਰੋਨਾ ਪਾਜ਼ੇਟਿਵ ਮਿਲਣ ਦੇ ਮਾਮਲੇ ਵਧਣ ਕਾਰਣ ਪ੍ਰਸ਼ਾਸਨ ਫੂਕ-ਫੂਕ ਕੇ ਕਦਮ ਰੱਖ ਰਿਹਾ ਹੈ। ਹਾਲ ਹੀ 'ਚ ਲਾਵਾਂ ਮੁਹੱਲਾ ਅਤੇ ਭੈਰੋਂ ਗਲੀ 'ਚ 2 ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਅਤੇ ਇਹ ਦੋਵੇਂ ਮਾਮਲੇ ਕਾਂਗਰਸੀ ਕੌਂਸਲਰ ਰਜਨੀ ਬਾਹਰੀ ਅਤੇ ਸਲਿਲ ਬਾਹਰੀ ਦੇ ਵਾਰਡ 'ਚ ਆਉਂਦੇ ਹਨ, ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਹਤ ਵਿਭਾਗ ਨਾਲ ਜੁੜੇ ਲੋਕਾਂ ਨੇ ਬਾਹਰੀ ਪਤੀ-ਪਤਨੀ ਨੂੰ ਹੋਮ ਕੁਆਰੰਟਾਈਨ ਕਰ ਕੇ ਉਨ੍ਹਾਂ ਦੇ ਘਰ ਦੇ ਬਾਹਰ ਸਟਿੱਕਰ ਚਿਪਕਾ ਦਿੱਤਾ ਹੈ।
ਇਸੇ ਤਰ੍ਹਾਂ ਨਿਜਾਤਮ ਨਗਰ ਅਤੇ ਨਾਰਾਇਣ ਨਗਰ 'ਚ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲਣ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਲਾਕੇ ਦੀ ਕੌਂਸਲਰ ਕਮਲੇਸ਼ ਗਰੋਵਰ ਅਤੇ ਉਨ੍ਹਾਂ ਦੇ ਸਪੁੱਤਰ ਅਨਮੋਲ ਗਰੋਵਰ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲਾਕਡਾਊਨ ਕਾਰਣ ਅਨਮੋਲ ਗਰੋਵਰ ਨੇ ਆਪਣੇ ਵਾਰਡ ਵਿਚ ਚੱਲੀ ਰਾਹਤ ਮੁਹਿੰਮ ਦੀ ਅਗਵਾਈ ਕੀਤੀ ਸੀ।