ਬਾਦਲਾਂ ਨੇ 4 ਦਲਿਤ ਵਜ਼ੀਰਾਂ ਨੂੰ ਅਸਤੀਫੇ ਲਈ ਕੀਤਾ ਸੀ ਮਜਬੂਰ : ਧਰਮਸੌਤ

Tuesday, Jan 23, 2018 - 02:41 PM (IST)

ਬਾਦਲਾਂ ਨੇ 4 ਦਲਿਤ ਵਜ਼ੀਰਾਂ ਨੂੰ ਅਸਤੀਫੇ ਲਈ ਕੀਤਾ ਸੀ ਮਜਬੂਰ : ਧਰਮਸੌਤ

ਨਾਭਾ (ਸੁਸ਼ੀਲ ਜੈਨ)-ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਕੇ ਮਰਦਾਂ ਵਾਲੀ ਗੱਲ ਕੀਤੀ ਹੈ। ਜਦਕਿ ਹੁਣ ਵਾਰੀ ਸੁਖਪਾਲ ਸਿੰਘ ਖਹਿਰਾ ਦੀ ਹੈ, ਜੋ ਅਦਾਲਤਾਂ ਦੇ ਚੱਕਰ ਲਾ ਰਿਹਾ ਹੈ। ਜ਼ਮਾਨਤ ਕਰਵਾਉਣ ਦੇ ਬਾਵਜੂਦ ਵਿਰੋਧੀ ਧਿਰ ਆਗੂ ਅਹੁਦੇ ਤੋਂ ਅਸਤੀਫਾ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਖਹਿਰਾ ਨੂੰ ਪੰਜਾਬ ਤੇ ਅਣਖ ਨਾਲ ਰੱਤੀ ਭਰ ਵੀ ਪਿਆਰ ਹੈ ਤਾਂ ਉਹ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਵੇ। 
ਸ਼੍ਰੀ ਧਰਮਸੌਤ ਨੇ ਸਾਬਕਾ ਡਿਪਟੀ ਸੀ. ਐੈੱਮ. ਸੁਖਬੀਰ ਸਿੰਘ ਬਾਦਲ 'ਤੇ ਤਾਬੜ ਤੋੜ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲਗਾਤਾਰ 10 ਸਾਲ ਪੰਜਾਬ ਦੇ ਲੋਕਾਂ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਤੇ ਕੁੱਟਿਆ। ਬਾਦਲ ਦੇ ਸ਼ਾਸਨ ਦੌਰਾਨ 6-7 ਵਜ਼ੀਰਾਂ 'ਤੇ ਸੰਗੀਨ ਦੋਸ਼ ਲੱਗਦੇ ਰਹੇ ਪਰ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਦਲਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ 4 ਵਜ਼ੀਰਾਂ ਨੂੰ ਅਸਤੀਫੇ ਦੇਣ ਲਈ ਮਜਬੂਰ ਕਰ ਦਿੱਤਾ ਜਦਕਿ ਸਿਕੰਦਰ ਸਿੰਘ ਮਲੂਕਾ ਅਤੇ ਬਿਕਰਮ ਮਜੀਠੀਆ ਖਿਲਾਫ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ। ਈ. ਡੀ. ਵਜ਼ੀਰਾਂ ਪਿੱਛੇ ਘੁੰਮਦੀ ਰਹੀ ਪਰ ਸੁਖਬੀਰ ਬਾਦਲ ਨੇ ਆਪਣੀ ਪਤਨੀ ਹਰਸਿਮਰਤ ਕੌਰ ਤੋਂ ਡਰਦੇ ਮਾਰੇ ਕਦੇ ਵੀ ਬਿਕਰਮ ਮਜੀਠੀਆ ਖਿਲਾਫ ਮੂੰਹ ਨਹੀਂ ਖੋਲ੍ਹਿਆ। ਧਰਮਸੌਤ ਨੇ ਅੱਗੇ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਹੀ ਆਪਣੇ ਚਹੇਤਿਆਂ ਨੂੰ ਬਚਾਉਣ ਲਈ ਗਰੀਬਾਂ ਤੇ ਦਲਿਤਾਂ ਨੂੰ ਸੂਲੀ 'ਤੇ ਟੰਗਿਆ ਜੋ ਸ਼ਰਮਨਾਕ ਹੈ। ਵੱਡਾ ਬਾਦਲ ਹਮੇਸ਼ਾ ਬੇਟੇ ਤੋਂ ਡਰਦਾ ਰਿਹਾ, ਜਿਸ ਕਾਰਨ ਪੰਜਾਬ ਆਰਥਿਕ ਪੱਖੋਂ ਬਰਬਾਦ ਹੋ ਗਿਆ ਅਤੇ ਅਰਬਾਂ ਰੁਪਏ ਦੇ ਪੰਜਾਬ ਵਿਚ ਘਪਲੇ ਹੋਏ। ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਦੀ ਕਰੋੜਾਂ ਰੁਪਏ ਦੀ ਰਕਮ ਵਜ਼ੀਰ ਹੜੱਪ ਗਏ, ਜਿਸ ਦੀ ਜਾਂਚ ਹੋ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਕਿਸੇ ਵੀ ਦੋਸ਼ੀ ਨੂੰ 
ਬਖਸ਼ਿਆ ਨਹੀਂ ਜਾਵੇਗਾ। 
ਇਸ ਮੌਕੇ ਸੀਨੀਅਰ ਕੌਂਸਲਰ ਅਮਰਦੀਪ ਸਿੰਘ ਖੰਨਾ, ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਅਸ਼ੋਕ ਬਿੱਟੂ, ਸਾਬਕਾ ਕੌਂਸਲ ਪ੍ਰਧਾਨ ਗੌਤਮ ਬਾਤਿਸ਼, ਸੀਨੀਅਰ ਕੌਂਸਲਰ ਤੇ ਸਾਬਕਾ ਪ੍ਰਧਾਨ ਨਰਿੰਦਰਜੀਤ ਸਿੰਘ ਭਾਟੀਆ ਵੀ ਹਾਜ਼ਰ ਸਨ। 


Related News