ਸਖਤੀ ਤੋਂ ਬਾਅਦ ਹਾੜੇ ਕੱਢਣ ਲੱਗੇ ਵਿਦੇਸ਼ੀ ਲਾੜੇ, ਕਈ ਗ੍ਰਿਫਤਾਰ ਤੇ ਕਈਆਂ ਨੇ ਕੀਤਾ ਰਾਜ਼ੀਨਾਮਾ

Wednesday, Jul 31, 2019 - 12:32 PM (IST)

ਸਖਤੀ ਤੋਂ ਬਾਅਦ ਹਾੜੇ ਕੱਢਣ ਲੱਗੇ ਵਿਦੇਸ਼ੀ ਲਾੜੇ, ਕਈ ਗ੍ਰਿਫਤਾਰ ਤੇ ਕਈਆਂ ਨੇ ਕੀਤਾ ਰਾਜ਼ੀਨਾਮਾ

ਚੰਡੀਗੜ੍ਹ : ਵਿਆਹ ਤੋਂ ਬਾਅਦ ਵਿਦੇਸ਼ ਗਏ ਕੁਝ ਲਾੜੇ ਸਮੇਂ ਦੇ ਨਾਲ ਹੀ ਬਦਲ ਗਏ। ਅਜਿਹੇ ਲਗਭਗ 40 ਹਜ਼ਾਰ ਐੱਨ. ਆਰ. ਆਈ. ਲਾੜੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਹਨ। ਵਿਦੇਸ਼ੋਂ ਨਹੀਂ ਪਰਤ ਰਹੇ ਲਾੜਿਆਂ 'ਤੇ ਸਹੁਰਾ ਧਿਰ ਵਲੋਂ ਸੰਬੰਧਤ ਥਾਣਿਆਂ ਜਾਂ ਪਾਸਪੋਰਟ ਦਫਤਰ ਵਿਚ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਪਾਸਪੋਰਟ ਦਫਤਰ ਨੇ 350 ਲਾੜਿਆਂ ਦੇ ਪਾਸਪੋਰਟ ਇੰਪਾਊਂਡ ਕਰ ਦਿੱਤੇ। ਨਾਲ ਹੀ ਕਾਰਵਾਈ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਲਿਖਿਆ। ਇਸ ਸਖਤੀ ਨਾਲ 52 ਲਾੜੇ ਸਵਦੇਸ਼ ਪਰਤ ਆਏ ਅਤੇ ਸੈਟਲਮੈਂਟ ਕਰ ਚੁੱਕੇ ਹਨ।

ਉਥੇ ਹੀ 12 ਲਾੜਿਆਂ ਨੂੰ ਵੱਖ-ਵੱਖ ਏਅਰਪੋਰਟਾਂ 'ਤੇ ਲੈਂਡਿੰਗ ਕਰਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ 80 ਸ਼ਿਕਾਇਤਾਂ ਅਜੇ ਵੀ ਪੈਂਡਿੰਗ ਹਨ। 4-5 ਐੱਨ. ਆਰ. ਆਈ. ਲਾੜੇ ਰੋਜ਼ ਚੰਡੀਗੜ੍ਹ ਸਥਿਤ ਪਾਸਪੋਰਟ ਸੈਂਟਰ 'ਚ ਸਮਝੌਤਾ ਪੱਤਰ ਲੈ ਕੇ ਪਹੁੰਚ ਰਹੇ ਹਨ। ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਪਤਨੀ-ਬੱਚਿਆਂ ਜਾਂ ਪਰਿਵਾਰ ਨੇ ਮੁਆਫ ਕਰ ਦਿੱਤਾ ਹੈ। ਰਾਜ਼ਨੀਨਾਮਾ ਹੋ ਗਿਆ ਹੈ। ਉਨ੍ਹਾਂ ਨੂੰ ਨਾਲ ਲੈ ਕੇ ਵਿਦੇਸ਼ ਜਾਣਗੇ। ਹਾਲਾਂਕਿ, ਜਦੋਂ ਤਕ ਕਾਨੂੰਨੀ ਅੜਚਨ ਦੂਰ ਨਹੀਂ ਹੋ ਜਾਂਦੀ, ਉਹ ਵਿਦੇਸ਼ ਨਹੀਂ ਜਾ ਸਕਣਗੇ। 

ਵਿਆਹ ਤੋਂ ਬਾਅਦ ਸਟੱਡੀ ਵੀਜ਼ਾ 'ਤੇ ਗਏ ਪਰ ਨਹੀਂ ਪਰਤੇ
ਪਿਛਲੇ ਕਈ ਸਾਲਾਂ ਤੋਂ ਹਰਿਆਣਾ ਤੋਂ ਕਾਫੀ ਗਿਣਤੀ ਵਿਚ ਲਾੜੇ ਇਟਲੀ, ਜਰਮਨੀ, ਆਸਟਰੇਲੀਆ ਤੇ ਕੈਨੇਡਾ ਸਟੱਡੀ ਵੀਜ਼ਾ 'ਤੇ ਗਏ। ਲਾੜੀ ਜਿਹੜੇ ਗਹਿਣੇ ਜਾਂ ਰਾਸ਼ੀ ਆਦਿ ਨਾਲ ਲਿਆਈ ਸੀ, ਉਹ ਵੀ ਨਾਲ ਲੈ ਗਏ। ਕਈ ਕੇਸਾਂ ਵਿਚ ਲਾੜਿਆਂ ਨੇ ਵਿਦੇਸ਼ 'ਚ ਫਸੇ ਹੋਣ ਦਾ ਨਾਟਕ ਕਰਕੇ ਸਹੁਰਿਆਂ ਤੋਂ ਹੋਰ ਪੈਸੇ ਮੰਗਵਾ ਲਏ। ਕਈਆਂ ਨੇ ਵਿਦੇਸ਼ਾਂ ਵਿਚ ਦੂਸਰਾ ਵਿਆਹ ਕਰ ਲਿਆ। ਕੁਝ ਲਾੜਿਆਂ ਨੇ ਪਤਨੀਆਂ ਜਾਂ ਬੱਚਿਆਂ ਦੀ ਕਾਲ ਚੁੱਕਣੀ ਤਕ ਬੰਦ ਕਰ ਦਿੱਤੀ। ਅਜਿਹੇ 70 ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਹਨ। ਇਨ੍ਹਾਂ 'ਤੇ ਨਾ ਸਿਰਫ ਭਾਰਤ ਵਿਚ ਸਗੋਂ ਵਿਦੇਸ਼ਾਂ 'ਚ ਵੀ ਕਾਰਵਾਈ ਹੋਈ ਹੈ। ਹੁਣ ਅਜਿਹੇ ਸਾਰੇ ਲਾੜਿਆਂ ਦੀ ਪੂਰੀ ਰਿਪੋਰਟ ਤੇ ਜਾਣਕਾਰੀ ਤਿਆਰ ਕੀਤੀ ਜਾ ਰਹੀ ਹੈ।  
 


author

Gurminder Singh

Content Editor

Related News