ਮਾਮਲਾ ਜਬਰ-ਜ਼ਨਾਹ ਦਾ, ਸ਼ਿਕਾਇਤਕਰਤਾ ਤੇ ਉਸ ਦੀ ਮਾਂ ਵਿਰੁੱਧ ਝੂਠੀ ਸ਼ਿਕਾਇਤ ਕਰਨ ''ਤੇ ਕੇਸ ਚਲਾਉਣ ਦਾ ਹੁਕਮ

Wednesday, Dec 06, 2017 - 02:13 PM (IST)

ਗੁਰਦਾਸਪੁਰ (ਵਿਨੋਦ) - ਵਧੀਕ ਜ਼ਿਲਾ ਤੇ ਸੈਸ਼ਨ ਜੱਜ ਗੁਰਦਾਸਪੁਰ ਪ੍ਰੇਮ ਕੁਮਾਰ ਨੇ ਇਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਇਕ ਵਿਧਵਾ ਔਰਤ ਵੱਲੋਂ ਆਪਣੇ ਜੇਠਾਂ ਦੇ 2 ਲੜਕਿਆਂ ਵਿਰੁੱਧ ਜਬਰ-ਜ਼ਨਾਹ ਕਰਨ ਸਬੰਧੀ ਚਲ ਰਹੇ ਕੇਸ ਦੀ ਸੁਣਵਾਈ ਤੋਂ ਬਾਅਦ ਅੱਜ ਇਹ ਦੋਵਾਂ ਮੁਲਜ਼ਮਾਂ ਨੂੰ ਗਵਾਹਾਂ ਤੇ ਸਬੂਤਾਂ ਦੇ ਆਧਾਰ 'ਤੇ ਬਰੀ ਕਰ ਦਿੱਤਾ, ਉਥੇ ਸ਼ਿਕਾਇਤਕਰਤਾ ਔਰਤ ਤੇ ਉਸ ਦੀ ਮਾਂ ਦੇ ਵਿਰੁੱਧ ਝੂਠਾ ਕੇਸ ਦਰਜ ਕਰਵਾਉਣ ਦੇ ਦੋਸ਼ ਵਿਚ ਧਾਰਾ 193, 194, 211 ਤੇ 340 ਅਧੀਨ ਕੇਸ ਚਲਾਉਣ ਦਾ ਵੀ ਹੁਕਮ ਸੁਣਾਇਆ।
ਸੁਣਾਏ ਫੈਸਲੇ ਅਨੁਸਾਰ ਇਕ ਵਿਧਵਾ ਔਰਤ ਸੁਖਵਿੰਦਰ ਕੌਰ ਪਤਨੀ ਹਰਦੇਵ ਸਿੰਘ ਵਾਸੀ ਪਿੰਡ ਗੁਨੋਪੁਰ ਨੇ 9-9-2014 ਨੂੰ ਰਾਤ ਲਗਭਗ 9 ਵਜੇ ਪੁਲਸ ਕੰਟਰੋਲ ਰੂਮ 181 'ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਤੀ ਦੇ ਭਰਾ ਗੁਰਦੇਵ ਸਿੰਘ ਦੇ ਲੜਕੇ ਬਲਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਦੇ ਲੜਕੇ ਬਲਜਿੰਦਰ ਸਿੰਘ ਉਰਫ਼ ਸਾਬੀ ਲਗਭਗ ਰਾਤ 8.30 ਵਜੇ ਮੇਰੇ ਘਰ ਦੀ ਕੰਧ ਟੱਪ ਕੇ ਜ਼ਬਰੀ ਦਾਖ਼ਲ ਹੋਏ। ਮੈਂ ਉਸ ਸਮੇਂ ਘਰ ਵਿਚ ਕੱਪੜੇ ਧੋ ਰਹੀ ਸੀ ਅਤੇ ਮੇਰੀ ਮਾਂ ਸ਼ਾਮ ਪਿਆਰੀ ਜੋ ਮੈਨੂੰ ਮਿਲਣ ਲਈ ਆਈ ਹੋਈ ਸੀ, ਇਕ ਕਮਰੇ ਵਿਚ ਆਰਾਮ ਕਰ ਰਹੀ ਸੀ। ਮੁਲਜ਼ਮ ਬਲਜਿੰਦਰ ਸਿੰਘ ਨੇ ਆਉਂਦੇ ਹੀ ਮੈਨੂੰ ਪਿੱਛੇ ਤੋਂ ਫੜਿਆ ਅਤੇ ਬਲਵਿੰਦਰ ਸਿੰਘ ਨੇ ਮੇਰੇ ਮੂੰਹ 'ਤੇ ਹੱਥ ਰੱਖ ਦਿੱਤਾ। ਦੋਵੇਂ ਮੈਨੂੰ ਇਕ ਕਮਰੇ ਵਿਚ ਲੈ ਗਏ ਅਤੇ ਬਲਜਿੰਦਰ ਸਿੰਘ ਨੇ ਉਸ ਦੇ ਪਾਏ ਕੱਪੜੇ ਪਾੜ ਦਿੱਤੇ ਅਤੇ ਉਸ ਦੀ ਇੱਛਾ ਵਿਰੁੱਧ ਜਬਰ-ਜ਼ਨਾਹ ਕੀਤਾ। 
ਜਿਵੇਂ ਹੀ ਬਲਵਿੰਦਰ ਸਿੰਘ ਨੇ ਮੇਰੇ ਮੂੰਹ ਤੋਂ ਹੱਥ ਉਠਾਇਆ ਤਾਂ ਉਸ ਦੇ ਦੁਆਰਾ ਰੌਲਾ ਪਾਉਣ 'ਤੇ ਉਸ ਦੀ ਮਾਂ ਸ਼ਾਮ ਪਿਆਰੀ ਵੀ ਮੌਕੇ 'ਤੇ ਆ ਗਈ ਅਤੇ ਉਸ ਵੱਲੋਂ ਸ਼ੋਰ ਮਚਾਉਣ 'ਤੇ ਦੋਸ਼ੀ ਮੇਰੀ ਮਾਂ ਜੋ ਦਰਵਾਜ਼ੇ 'ਚ ਖੜ੍ਹੀ ਸੀ ਨੂੰ ਧੱਕਾ ਮਾਰ ਕੇ ਉਥੋਂ ਭੱਜ ਗਏ। ਅਗਲੇ ਦਿਨ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੀੜਤਾਂ ਦੇ ਬਿਆਨ ਲੈ ਕੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ।ਅਦਾਲਤ ਵਿਚ ਬਲਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਦੇ ਵਕੀਲ ਜਗਮੋਹਨ ਬੱਬਰ ਨੇ ਬਹਿਸ ਵਿਚ ਇਹ ਸਿੱਧ ਕੀਤਾ ਕਿ ਸ਼ਿਕਾਇਤਕਰਤਾ ਦੇ ਪਤੀ ਦੀ ਮੌਤ 13 ਅਪ੍ਰੈਲ 2014 ਨੂੰ ਹੋਈ ਸੀ ਅਤੇ ਉਸ ਦੇ ਬੀਮੇ ਦੀ ਰਾਸ਼ੀ 15 ਲੱਖ ਨੂੰ ਲੈ ਕੇ ਸ਼ਿਕਾਇਤਕਰਤਾ ਅਤੇ ਉਸ ਦੇ ਜੇਠਾਂ 'ਚ ਵਿਵਾਦ ਚਲ ਰਿਹਾ ਸੀ ਅਤੇ ਸ਼ਿਕਾਇਤਕਰਤਾ ਸੁਖਵਿੰਦਰ ਕੌਰ ਨੇ ਇਹ ਬੀਮਾ ਰਾਸ਼ੀ ਲੈਣ ਲਈ ਅਦਾਲਤ ਵਿਚ ਕੇਸ ਕੀਤਾ ਸੀ। ਇਸ ਤਰ੍ਹਾਂ ਦੋਵਾਂ ਪਰਿਵਾਰਾਂ 'ਚ ਜਾਇਦਾਦ ਸਬੰਧੀ ਵਿਵਾਦ ਵੀ ਚਲ ਰਿਹਾ ਸੀ ਅਤੇ ਇਸ ਕਾਰਨ ਸ਼ਿਕਾਇਤਕਰਤਾ ਨੇ ਆਪਣੇ ਨਾਲ ਹੋਏ ਜਬਰ-ਜ਼ਨਾਹ ਦਾ ਨਾ ਤਾਂ ਮੈਡੀਕਲ ਕਰਵਾਇਆ ਅਤੇ ਨਾ ਹੀ ਘਟਨਾ ਸਮੇਂ ਪਾਏ ਕੱਪੜੇ ਪੁਲਸ ਨੂੰ ਦਿੱਤੇ।
ਸ਼ਿਕਾਇਤਕਰਤਾ ਨੇ ਖੁਦ ਸਵੀਕਾਰ ਕੀਤਾ ਕਿ ਜਾਇਦਾਦ ਸਬੰਧੀ ਪਹਿਲਾਂ ਵੀ ਕਈ ਕੇਸ ਬਲਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਵਿਰੁੱਧ ਦਰਜ ਕਰਵਾ ਚੁੱਕੀ ਹੈ ਅਤੇ ਦੋਵਾਂ ਪਰਿਵਾਰਾਂ 'ਚ ਲੰਮੇ ਸਮੇਂ ਤੋਂ ਲੜਾਈ ਚਲ ਰਹੀ ਹੈ। ਵਾਰ-ਵਾਰ ਅਦਾਲਤ ਵਿਚ ਆਪਣੀ ਸਟੇਟਮੈਂਟ ਬਦਲਣਾ ਇਹ ਸਿੱਧ ਕਰਦਾ ਹੈ ਕਿ ਸ਼ਿਕਾਇਤਕਰਤਾ ਨੇ ਝੂਠਾ ਕੇਸ ਦਾਇਰ ਕੀਤਾ। ਇਸ ਲਈ ਸ਼ੱਕ ਦੇ ਆਧਾਰ 'ਤੇ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਸ਼ਿਕਾਇਤਕਰਤਾ ਸੁਖਵਿੰਦਰ ਕੌਰ ਅਤੇ ਉਸ ਦੀ ਮਾਂ ਸ਼ਾਮ ਪਿਆਰੀ ਵਿਰੁੱਧ ਕੇਸ ਚਲਾਉਣ ਦਾ ਵੀ ਹੁਕਮ ਦਿੱਤਾ।
 


Related News