ਫੂਡ ਸੇਫਟੀ ਤੇ ਮੰਡੀ ਬੋਰਡ ਦੀ ਟੀਮ ਵੱਲੋਂ ਦੁਕਾਨਾਂ ਦੀ ਚੈਕਿੰਗ, 8 ਸੈਂਪਲ ਭਰੇ

Wednesday, Jun 27, 2018 - 12:43 PM (IST)

ਫੂਡ ਸੇਫਟੀ ਤੇ ਮੰਡੀ ਬੋਰਡ ਦੀ ਟੀਮ ਵੱਲੋਂ ਦੁਕਾਨਾਂ ਦੀ ਚੈਕਿੰਗ, 8 ਸੈਂਪਲ ਭਰੇ

ਕਪੂਰਥਲਾ (ਮਲਹੋਤਰਾ)— ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਿਹਤਮੰਦ ਬਣਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਅਤੇ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਮੰਗਲਵਾਰ ਸ਼ਹਿਰ ਵਿਚ ਫਲਾਂ, ਸਬਜ਼ੀਆਂ ਅਤੇ ਹੋਰਨਾਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। 
ਇਸ ਟੀਮ 'ਚ ਸਹਾਇਕ ਕਮਿਸ਼ਨਰ ਫੂਡ ਸੇਫਟੀ ਡਾ. ਹਰਜੋਤ ਪਾਲ ਸਿੰਘ, ਫੂਡ ਸੇਫਟੀ ਅਫਸਰ ਸਤਨਾਮ ਸਿੰਘ, ਸਕੱਤਰ ਮਾਰਕੀਟ ਕਮੇਟੀ ਕਪੂਰਥਲਾ ਅਰਵਿੰਦਰ ਸਿੰਘ, ਜ਼ਿਲਾ ਮੰਡੀ ਅਫਸਰ ਰਾਜ ਕੁਮਾਰ, ਮੰਡੀ ਸੁਪਰਵਾਈਜ਼ਰ ਪ੍ਰਿਥੀਪਾਲ ਸਿੰਘ ਘੁੰਮਣ ਸ਼ਾਮਲ ਸਨ। ਇਸ ਚੈਕਿੰਗ ਦੌਰਾਨ ਕੁਲ 8 ਸੈਂਪਲ ਭਰੇ, ਜਿਨ੍ਹਾਂ 'ਚ ਫਲ, ਪਨੀਰ, ਦੁੱਧ, ਹਲਦੀ ਅਤੇ ਮੈਕਰੋਨੀ ਸ਼ਾਮਲ ਸਨ। 
ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਸੈਂਪਲ ਫੇਲ ਹੋਣ ਦੀ ਸੂਰਤ ਵਿਚ ਦੋਸ਼ੀਆਂ ਖਿਲਾਫ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਲੋਕਾਂ ਨੂੰ ਸ਼ੁੱਧ ਅਤੇ ਮਿਲਾਵਟ ਰਹਿਤ ਭੋਜਨ ਪਦਾਰਥ ਮੁਹੱਈਆ ਕਰਵਾਉਣਾ ਹੈ। ਇਸ ਦੌਰਾਨ ਟੀਮ ਵੱਲੋਂ ਕਪੂਰਥਲਾ ਦੇ ਫਲ ਅਤੇ ਸਬਜ਼ੀ ਵਿਕਰੇਤਾਵਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਤਾਜ਼ੇ ਅਤੇ ਵਧੀਆ ਕੁਆਲਿਟੀ ਦੇ ਫਲ ਅਤੇ ਸਬਜ਼ੀਆਂ ਲੋਕਾਂ ਨੂੰ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਗਈ। ਦੁਕਾਨਦਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਸਰਕਾਰ ਵੱਲੋਂ ਵਿੱਢੀ ਇਸ ਮੁਹਿੰਮ ਵਿਚ ਪੂਰਾ ਸਹਿਯੋਗ ਦੇਣਗੇ।


Related News