ਫਲਾਈਓਵਰ ਦੇ ਨਿਰਮਾਣ ਕਾਰਨ ਆਵਾਜਾਈ ਬੰਦ ਕਰਨ ਦੀ ਮੰਗ
Thursday, Jul 19, 2018 - 06:09 AM (IST)
ਖਰਡ਼, (ਗਗਨਦੀਪ, ਰਣਬੀਰ, ਅਮਰਦੀਪ, ਸ਼ਸ਼ੀ)- ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬਲੌਂਗੀ ਤੋਂ ਲੈ ਕੇ ਖਾਨਪੁਰ ਪੁਲ ਤਕ ਬਣਾਏ ਜਾ ਰਹੇ ਫਲਾਈਓਵਰ ਦੇ ਨਿਰਮਾਣ ਸਬੰਧੀ ਸਤੰਬਰ 2018 ਦੇ ਪਹਿਲੇ ਹਫਤੇ ਵਾਹਨਾਂ ਦੀ ਆਵਾਜਾਈ ਬਿਲਕੁਲ ਬੰਦ ਕਰਨ ਦੀ ਕੀਤੀ ਗਈ ਮੰਗ ਨੂੰ ਵੇਖਦੇ ਹੋਏ ਆਵਾਜਾਈ ਨੂੰ ਦੂਸਰੇ ਰਸਤਿਆਂ ’ਤੇ ਚਲਾਉਣ ਲਈ ਪ੍ਰਬੰਧਾਂ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਖਰਡ਼ ਵਿਨੋਦ ਕੁਮਾਰ ਬਾਂਸਲ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਨੈਸ਼ਨਲ ਹਾਈਵੇ, ਐੱਲ. ਐਂਡ ਟੀ. ਕੰਪਨੀ, ਟਰੈਫਿਕ ਪੁਲਸ, ਥਾਣਾ ਸਿਟੀ ਖਰਡ਼, ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਐੱਸ. ਡੀ. ਐੱਮ. ਨੇ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਆਵਾਜਾਈ ਦੀ ਸਮੱਸਿਆ ਲਈ ਹਰ ਪੱਖੋਂ ਸਮੀਖਿਆ ਕੀਤੀ ਗਈ ਕਿਉਂਕਿ ਖਰਡ਼ ਸ਼ਹਿਰ ਨੂੰ ਚਾਰੋਂ ਪਾਸਿਓਂ ਆਵਾਜਾਈ ਚੱਲ ਰਹੀ ਹੈ ਤੇ ਨੈਸ਼ਨਲ ਹਾਈਵੇ ਤੇ ਐੱਲ. ਐਂਡ ਟੀ. ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 2-3 ਦਿਨਾਂ ਵਿਚ ਗਰਾਊਂਡ ਲੈਵਲ ’ਤੇ ਰਿਪੋਰਟ ਤਿਆਰ ਕਰਕੇ ਦੇਣ, ਤਾਂ ਕਿ ਇਸ ਦਾ ਕੋਈ ਹੱਲ ਕੱਢਿਆ ਜਾ ਸਕੇ।
ਟਰੈਫਿਕ ਪੁਲਸ ਦੇ ਇੰਸਪੈਕਟਰ ਨਿੱਕਾ ਰਾਮ ਨੇ ਮੌਕੇ ’ਤੇ ਐੱਸ. ਡੀ. ਐੱਮ. ਖਰਡ਼ ਦੇ ਧਿਆਨ ਵਿਚ ਲਿਆਂਦਾ ਕਿ ਇਥੇ ਆਵਾਜਾਈ ਬਿਲਕੁਲ ਬੰਦ ਕਰਨੀ ਸੰਭਵ ਨਹੀਂ ਹੈ। ਕੰਪਨੀ ਵਲੋਂ ਸਡ਼ਕਾਂ ਦੇ ਦੋਵੇਂ ਪਾਸੇ ਸਰਵਿਸ ਰੋਡ ਬਣਾਈ ਜਾਵੇ ਤੇ ਬੱਸ ਅੱਡਾ ਟੀ-ਪੁਆਇੰਟ ’ਤੇ ਦੋ ਪਿੱਲਰਾਂ ਦੀ ਉਸਾਰੀ ਦਾ ਮੁੱਖ ਮੁੱਦਾ ਹੈ, ਉਹ ਬਾਅਦ ਵਿਚ ਛੇਡ਼ਿਆ ਜਾਵੇ ਅਤੇ ਆਵਾਜਾਈ ਨੂੰ ਚਲਾਉਣ ਲਈ ਕਰਮਚਾਰੀ ਲਾ ਦਿੱਤੇ ਜਾਣ।
ਇਸ ਮੌਕੇ ਨੈਸ਼ਨਲ ਹਾਈਵੇ ਅਥਾਰਟੀ ਦੇ ਮੈਨੇਜਰ ਭਵਨੇਸ਼ ਕੁਮਾਰ, ਬੀ. ਕੇ. ਪਾਂਡੇ, ਨਾਇਬ ਤਹਿਸੀਲਦਾਰ ਖਰਡ਼ ਹਰਿੰਦਰਜੀਤ ਸਿੰਘ, ਥਾਣਾ ਸਿਟੀ ਖਰਡ਼ ਦੇ ਐੱਸ. ਐੱਚ. ਓ. ਕੰਵਲਜੀਤ ਸਿੰਘ, ਟਰੈਫਿਕ ਇੰਚਾਰਜ ਨਿੱਕਾ ਰਾਮ, ਮੈਨੇਜਰ ਕੰਪਨੀ ਅਲੋਕ ਨਾਇਕ, ਪੀ. ਡਬਲਯੂ. ਡੀ. ਦੇ ਸਹਾਇਕ ਇੰਜੀਨੀਅਰ ਨਰੇਸ਼ ਕੁਮਾਰ, ਏ. ਐੱਸ. ਆਈ. ਕੁਲਵਿੰਦਰ ਸਿੰਘ, ਏ. ਐੱਸ. ਆਈ. ਰਾਮ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
