ਹੜ੍ਹ ਦਾ ਪਾਣੀ ਘਟਿਆ, ਮੁਸੀਬਤ ਵਧੀ, ਮਹਾਮਾਰੀ ਫੈਲਣ ਦਾ ਖਦਸ਼ਾ
Wednesday, Aug 28, 2019 - 01:02 PM (IST)
![ਹੜ੍ਹ ਦਾ ਪਾਣੀ ਘਟਿਆ, ਮੁਸੀਬਤ ਵਧੀ, ਮਹਾਮਾਰੀ ਫੈਲਣ ਦਾ ਖਦਸ਼ਾ](https://static.jagbani.com/multimedia/2019_8image_12_52_242677726jal7.jpg)
ਜਲੰਧਰ/ਲੋਹੀਆਂਖਾਸ (ਪੁਨੀਤ, ਰਾਜਪੂਤ)— ਕਈ ਪਿੰਡਾਂ ’ਚ ਪਾਣੀ ਸੁੱਕ ਚੁੱਕਾ ਹੈ, ਜ਼ਮੀਨ ’ਤੇ ਧੁੱਪ ਲੱਗਣ ਨਾਲ ਨਮੀ ਕਾਰਨ ਹੁੰਮਸ ਵਰਗੇ ਹਾਲਾਤ ਬੇਹੱਦ ਖਰਾਬ ਹਨ। 86 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਪਸ਼ੂ ਬੀਮਾਰੀਆਂ ਦੀ ਲਪੇਟ ’ਚ ਆ ਸਕਦੇ ਹਨ। ਇਲਾਕੇ ’ਚ ਮਹਾਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ ਜਿਸ ਕਾਰਨ ਪ੍ਰਸ਼ਾਸਨ ਵਲੋਂ ਅਲਰਟ ’ਤੇ ਰਹਿੰਦੇ ਹੋਏ ਜੰਗੀ ਪੱਧਰ ’ਤੇ ਰਾਹਤ ਕੰਮ ਕੀਤੇ ਜਾ ਰਹੇ ਹਨ। ਮੈਡੀਕਲ ਟੀਮਾਂ ਲੋਕਾਂ ਦੇ ਘਰਾਂ ’ਚ ਜਾ ਕੇ ਦਵਾਈਆਂ ਵੰਡ ਰਹੀਆਂ ਹਨ, ਉਥੇ ਹੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਲੋਰੀਨ ਦੀ ਗੋਲੀਆਂ ਪਾਣੀ ’ਚ ਪਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਡਾਇਰੀਆ, ਟਾਈਫਾਈਡ, ਹੈਜ਼ਾ, ਪਾਣੀ ਤੋਂ ਪੈਦਾ ਹੋਣ ਵਾਲੀ ਬੀਮਾਰੀਆਂ, ਮਲੇਰੀਆਂ, ਅੱਖਾਂ ਦੀਆਂ ਬੀਮਾਰੀਆਂ ਸਮੇਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲ ਸਕਦੀਆਂ ਹਨ। ਇਸ ਕਾਰਨ ਪ੍ਰਸ਼ਾਸਨ ਵਲੋਂ ਪ੍ਰਭਾਵਿਤ ਇਲਾਕਿਆਂ ’ਚ ਫੌਗਿੰਗ ਅਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ।
ਪਸ਼ੂ ਪਾਲਣ ਵਿਭਾਗ ਵਲੋਂ ਇਸ ਲੜੀ ਤਹਿਤ 3000 ਦੇ ਕਰੀਬ ਪਸ਼ੂਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 2634 ਪਸ਼ੂਆਂ ਨੂੰ ਵੱਖ-ਵੱਖ ਬੀਮਾਰੀਆਂ ਦੇ ਟੀਕੇ ਲਾਏ ਗਏ। ਜਿਨ੍ਹਾਂ ਪਸ਼ੂਆਂ ਦੇ ਸਰੀਰ ਅਤੇ ਚਮੜੀ ’ਚ ਸਮੱਸਿਆ ਸਾਹਮਣੇ ਆ ਰਹੀ ਹੈ, ਉਨ੍ਹਾਂ ਨੂੰ ਸਾਫ ਕਰਵਾ ਕੇ ਦਵਾਈਆਂ ਲਾਈਆਂ ਜਾ ਰਹੀਆਂ ਹਨ। ਪਸ਼ੂਆਂ ਨੂੰ ਅਜੇ ਤੱਕ 19450 ਕਿਲੋ ਫੀਡ ਮੁਹੱਈਆ ਕਰਵਾਈ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡਾਂ ’ਚ ਪਾਣੀ ਘੱਟ ਹੋਣ ਕਾਰਨ ਪਸ਼ੂਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਮਾਹਿਰਾਂ ਦੀ ਦੇਖ-ਰੇਖ ’ਚ ਪਸ਼ੂਆਂ ਦਾ ਇਲਾਜ ਚੱਲ ਰਿਹਾ ਹੈ।
ਪਿੰਡਾਂ ’ਚ ਕਿਸ਼ਤੀਆਂ ਦੇ ਨਾਲ-ਨਾਲ ਵਾਹਨ ਪਹੁੰਚਣ ਲੱਗੇ
ਜਿਨ੍ਹਾਂ ਪਿੰਡਾਂ ’ਚ ਪਾਣੀ ਘੱਟ ਹੋ ਚੁੱਕਾ ਹੈ, ਉਥੇ ਟਰੈਕਟਰ-ਟਰਾਲੀਆਂ ਦੇ ਜ਼ਰੀਏ ਪਹੁੰਚ ਕੀਤੀ ਜਾ ਰਹੀ ਹੈ। ਉਥੇ ਹੀ ਜਿਨ੍ਹਾਂ ਪਿੰਡਾਂ ’ਚ ਪਾਣੀ ਅਜੇ ਜ਼ਿਆਦਾ ਹੈ, ਉੱਥੇ ਰਾਹਤ ਕੰਮ ਕਿਸ਼ਤੀਆਂ ਜ਼ਰੀਏ ਚਲਾਏ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ’ਚ ਅਜਿਹੇ ਕਈ ਪਿੰਡ ਹਨ, ਜਿੱਥੇ ਕਿਸ਼ਤੀਆਂ ਚਲਾਉਣਾ ਸੰਭਵ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਣੀ ਤੇਜ਼ੀ ਨਾਲ ਘੱਟ ਹੁੰਦਾ ਜਾ ਰਿਹਾ ਹੈ।
ਬੀਮਾਰ ਔਰਤਾਂ ਨੂੰ ਕਿਸ਼ਤੀ ’ਚ ਕੀਤਾ ਰੈਸਕਿਊ
ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰੈਸਕਿਊ ਕਰਦੇ ਹੋਏ ਇਕ ਬੀਮਾਰ ਔਰਤ ਨੂੰ ਸੁਰੱਖਿਅਤ ਸਥਾਨ ’ਤੇ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗਿੱਦੜਪਿੰਡੀ ’ਚ ਐੱਸ. ਡੀ. ਐੱਮ. ਚਾਰੂਮਿਤਾ ਨੂੰ ਸੂਚਨਾ ਮਿਲਣ ਤੋਂ ਬਾਅਦ ਨਾਇਬ ਤਹਿਸੀਲਦਾਰ ਸਵਪਨਦੀਪ ਦੀ ਅਗਵਾਈ ’ਚ ਕਿਸ਼ਤੀ ’ਚ ਇਕ ਟੀਮ ਨੂੰ ਭੇਜਿਆ ਗਿਆ। ਗਿੱਦੜਪਿੰਡੀ ਦੇ ਡੇਰੇ ’ਚ ਰੁਕੀ ਹੋਈ ਔਰਤ ਨੂੰ ਹਾਈ ਬਲੱਡ ਪ੍ਰੈਸ਼ਰ ਹੋਣ ਕਾਰਣ ਇਲਾਜ ਦੀ ਲੋੜ ਦੱਸੀ ਗਈ। ਇਸ ਤੋਂ ਬਾਅਦ ਔਰਤ ਨੂੰ ਗਿੱਦੜਪੰਡੀ ਦੇ ਬੇਸ ਕੈਂਪ ’ਚ ਦਾਖਲ ਕਰਵਾਇਆ ਗਿਆ।