ਹੜ੍ਹ ਪੀੜਤਾਂ ਲਈ ਮੁਸੀਬਤ ਬਣਨ ਲੱਗੇ ''ਬਿਨ-ਬੁਲਾਏ ਮਹਿਮਾਨ'', ਬੀਮਾਰੀਆਂ ਫੈਲਣ ਦਾ ਖਦਸ਼ਾ

Friday, Aug 23, 2019 - 04:20 PM (IST)

ਹੜ੍ਹ ਪੀੜਤਾਂ ਲਈ ਮੁਸੀਬਤ ਬਣਨ ਲੱਗੇ ''ਬਿਨ-ਬੁਲਾਏ ਮਹਿਮਾਨ'', ਬੀਮਾਰੀਆਂ ਫੈਲਣ ਦਾ ਖਦਸ਼ਾ

ਸ਼ਾਹਕੋਟ (ਅਰੁਣ) : ਲੋਹੀਆਂ ਦੇ 4 ਪਿੰਡਾਂ 'ਚ ਬੰਨ੍ਹ ਟੁੱਟਣ ਅਤੇ 6 ਪਿੰਡਾਂ 'ਚ ਐਂਡਵਾਸ ਬੰਨ੍ਹ ਟੁੱਟਣ ਕਾਰਨ ਲਗਭਗ 50 ਪਿੰਡ ਹੜ੍ਹ ਦੀ ਮਾਰ ਹੇਠਾਂ ਆ ਗਏ ਹਨ। ਇਨ੍ਹਾਂ ਪਿੰਡਾਂ 'ਚ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਲੋਹੀਆਂ ਦੇ ਨਾਲ ਲੱਗਦੇ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਕਈ ਪਿੰਡ ਵੀ ਹੜ੍ਹ ਦੀ ਮਾਰ ਹੇਠਾਂ ਹਨ। ਕਈ ਦਿਨਾਂ ਤੋਂ ਇਨ੍ਹਾਂ ਪਿੰਡਾਂ 'ਚ ਪਾਣੀ ਖੜ੍ਹਾ ਹੈ। ਇਸ ਖੜ੍ਹੇ ਪਾਣੀ ਉੱਤੇ ਮੱਛਰਾਂ ਦੀ ਭਰਮਾਰ ਹੋ ਗਈ ਹੈ। ਇਸ ਦੇ ਨਾਲ ਹੀ ਸਤਲੁਜ ਅਤੇ ਬਿਆਸ ਦੇ ਪਾਣੀ ਦੇ ਵਹਾਅ ਨਾਲ ਰੁੜ੍ਹ ਕੇ ਆਏ ਕਈ ਖਤਰਨਾਕ ਜਾਨਵਰ ਵੀ ਇਸ ਪਾਣੀ 'ਚ ਤੈਰਦੇ ਦਿਖ ਰਹੇ ਹਨ। ਜਿਨ੍ਹਾਂ 'ਚ ਸਭ ਤੋਂ ਜਾਨਲੇਵਾ ਸੱਪ ਨੂੰ ਸਮਝਿਆ ਜਾ ਰਿਹਾ ਹੈ ਪਰ ਇਸ ਦੇ ਨਾਲ ਹੀ ਬੀਤੇ ਕੱਲ ਹੜ੍ਹ ਪ੍ਰਭਾਵਿਤ ਇਕ ਪਿੰਡ 'ਚ ਮਗਰਮੱਛ ਦੇਖੇ ਜਾਣ ਦੀ ਆਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜੋ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਲਈ ਕਿਸੇ ਆਫਤ ਤੋਂ ਘੱਟ ਨਹੀਂ ਹੈ। ਘੱਟ ਪਾਣੀ ਦੇ ਪੱਧਰ ਵਾਲੇ ਕੁਝ ਪਿੰਡਾਂ 'ਚ ਤਾਂ ਲੋਕ ਛੱਤਾਂ ਤੋਂ ਉਤਰਨ ਲਈ ਵੀ ਤਿਆਰ ਨਹੀਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦ ਤਕ ਪਾਣੀ ਪੂਰਾ ਸੁੱਕ ਨਹੀਂ ਜਾਂਦਾ ਉਹ ਹੇਠਾਂ ਨਹੀਂ ਆਉਣਗੇ ਕਿਉਂਕਿ ਪਾਣੀ 'ਚ ਫਿਰਦੇ ਜ਼ਹਿਰੀਲੇ ਜਾਨਵਰ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹਾ ਹੀ ਹਾਲ ਉਨ੍ਹਾਂ ਪਿੰਡਾਂ 'ਚ ਵੀ ਜਿੱਥੇ ਪਾਣੀ 3-4 ਫੁੱਟ ਭਰਿਆ ਹੋਇਆ ਹੈ।

ਛੱਤ 'ਤੇ ਬੈਠੇ ਲੋਕਾਂ 'ਤੇ ਵੀ ਪਾਣੀ ਤੋਂ ਪੈਦਾ ਹੋਏ ਇਹ ਜਾਨਵਰ ਹਮਲਾ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਮੱਛਰਾਂ ਦੀ, ਖੜ੍ਹੇ ਪਾਣੀ ਤੋਂ ਪੈਦਾ ਹੋ ਰਹੇ ਇਨ੍ਹਾਂ ਮੱਛਰਾਂ ਤੋਂ ਬਚਣ ਲਈ ਛੱਤਾਂ 'ਤੇ ਕੈਦ ਬਹੁਤੇ ਲੋਕਾਂ ਕੋਲ ਤਾਂ ਮੱਛਰਦਾਨੀਆਂ ਤਕ ਨਹੀਂ ਹਨ। ਇਨ੍ਹਾਂ ਮੱਛਰਾਂ ਕਾਰਨ ਇਲਾਕੇ ਅੰਦਰ ਬੀਮਾਰੀਆਂ ਫੈਲਣ ਦਾ ਡਰ ਹੈ। ਇਸ ਤੋਂ ਇਲਾਵਾ ਖੜ੍ਹਾ ਪਾਣੀ ਵੀ ਬਦਬੂ ਮਾਰਨਾ ਸ਼ੁਰੂ ਕਰ ਚੁੱਕਿਆ ਹੈ, ਜੋ ਲੋਕਾਂ ਦੀਆਂ ਪਰੇਸ਼ਾਨੀਆਂ 'ਚ ਵਾਧਾ ਕਰ ਰਿਹਾ ਹੈ। ਇਸ ਸਭ ਦੇ ਬਾਵਜੂਦ ਵੀ ਲੋਕ ਆਪਣਾ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਨੂੰ ਤਿਆਰ ਨਹੀਂ ਹਨ। ਪ੍ਰਸ਼ਾਸਨ ਵਲੋਂ ਬਣਾਏ ਗਏ ਰਿਲੀਫ ਸੈਂਟਰਾਂ 'ਚ ਆਉਣ ਵਾਲੇ ਲੋਕਾਂ ਦੀ ਗਿਣਤੀ ਨਾ ਮਾਤਰ ਹੀ ਹੈ। ਪ੍ਰਸ਼ਾਸਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਲੋਕ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰੋਂ ਨਿਕਲਣ ਲਈ ਤਿਆਰ ਨਹੀਂ ਹਨ। ਉਧਰ ਦੂਜੇ ਪਾਸੇ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਅਤੇ ਲਾਗਲੇ ਪਿੰਡਾਂ 'ਚ ਫੌਗਿੰਗ ਕਰਵਾਈ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ।

ਹੜ੍ਹ ਪ੍ਰਭਾਵਿਤ ਲੋਕਾਂ ਨੂੰ ਇਨ੍ਹਾਂ ਪਿੰਡਾਂ 'ਚ ਮਿਲੇਗੀ ਮੈਡੀਕਲ ਸਹੂਲਤ
ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡਾਂ ਲਈ ਸਿਵਲ ਸਰਜਨ ਡਾ. ਗੁਰਵਿੰਦਰ ਕੌਰ ਚਾਵਲਾ ਦੀ ਦੇਖ-ਰੇਖ ਹੇਠ ਐੱਸ. ਐੱਮ. ਓ. ਸ਼ਾਹਕੋਟ ਅਮਰਦੀਪ ਸਿੰਘ ਦੁੱਗਲ ਅਤੇ ਐੱਸ. ਐੱਮ. ਓ. ਲੋਹੀਆਂ ਦਵਿੰਦਰ ਕੁਮਾਰ ਸਮਰਾ ਦੀ ਅਗਵਾਈ 'ਚ ਲੋਹੀਆਂ ਖਾਸ, ਪੂਨੀਆਂ, ਨਵਾਂ ਪਿੰਡ ਅਕਾਲੀਆਂ, ਗਿੱਦੜਪਿੰਡੀ , ਦਾਰੇਵਾਲ, ਪੂਨੀਆਂ, ਨਲ੍ਹ, ਕੰਗ ਕਲਾਂ ਆਦਿ ਵਿਚ ਮੈਡੀਕਲ ਰਿਲੀਫ ਕੈਂਪ ਲਾਏ ਗਏ ਹਨ। ਸੀਨੀਅਰ ਸਿਹਤ ਨਿਗਰਾਨ ਰਮੇਸ਼ ਹੰਸ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਹੜ੍ਹ ਪੀੜਤਾਂ ਨੂੰ ਹਰ ਮੈਡੀਕਲ ਸਹੂਲਤ ਅਤੇ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜ਼ਹਿਰੀਲੇ ਜਾਨਵਰਾਂ ਦੇ ਕੱਟਣ 'ਤੇ ਇਲਾਜ ਦੀ ਸਹੂਲਤ ਲੋਹੀਆਂ ਅਤੇ ਸ਼ਾਹਕੋਟ ਦੇ ਹਸਪਤਾਲਾਂ 'ਚ ਮੌਜੂਦ ਹਨ।


author

Anuradha

Content Editor

Related News