ਵੱਖ-ਵੱਖ ਪਿੰਡਾਂ ’ਚ ਹੋਏ ਝਗਡ਼ਿਆਂ ’ਚ ਔਰਤਾਂ ਸਣੇ 8 ਲੋਕ ਜ਼ਖਮੀ

Monday, Apr 15, 2019 - 03:54 AM (IST)

ਵੱਖ-ਵੱਖ ਪਿੰਡਾਂ ’ਚ ਹੋਏ ਝਗਡ਼ਿਆਂ ’ਚ ਔਰਤਾਂ ਸਣੇ 8 ਲੋਕ ਜ਼ਖਮੀ
ਫਿਰੋਜ਼ਪੁਰ (ਨਿਖੰਜ, ਜਤਿੰਦਰ )–ੲਿਥੋਂ ਦੇ ਵੱਖ-ਵੱਖ ਪਿੰਡਾਂ ਅੰਦਰ ਹੋਏ ਝਗਡ਼ਿਆਂ ’ਚ ਔਰਤਾਂ ਸਣੇ 8 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ ਨੂੰ ਇਲਾਜ ਅਧੀਨ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪਹਿਲੀ ਲਡ਼ਾਈ ’ਚ ਜ਼ਖਮੀ ਔਰਤ ਨਿਸ਼ਾ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਚੱਕ ਸੋਤਰੀਆ ਬੰਦੀਵਾਲਾ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਉਸ ਦਾ ਦਿਓਰ ਅਤੇ ਸਹੁਰਾ ਜੰਗਲ ਪਾਣੀ ਹੋ ਕੇ ਵਾਪਸ ਘਰ ਆ ਰਹੇ ਸੀ ਤਾਂ ਰਸਤੇ ’ਚ ਇਕ ਵਿਅਕਤੀ ਨਾਲ ਮਾਮੂਲੀ ਝਗਡ਼ਾ ਹੋ ਗਿਆ ਸੀ। ਜ਼ਖਮੀ ਨੇ ਅੱਗੇ ਕਿਹਾ ਕਿ ਦੋਵੇਂ ਜਣੇ ਘਰ ਆ ਕੇ ਰੁਕੇ ਹੀ ਸਨ ਤਾਂ ਉਕਤ ਨੌਜਵਾਨ ਆਪਣੇ ਨਾਲ ਹੋਰ ਵਿਅਕਤੀਆਂ ਨੂੰ ਲੈ ਕੇ ਸਾਡੇ ਘਰ ਆ ਗਿਆ ਅਤੇ ਮੇਰੇ ਸਹੁਰੇ ਅਤੇ ਦਿਓਰ ਦੀ ਕੁੱਟ-ਮਾਰ ਕਰਨ ਲੱਗ ਪਏ ਅਤੇ ਜਦੋਂ ਮੈਂ ਛੁਡਾਉਣ ਲੱਗੀ ਤਾਂ ਉਨ੍ਹਾਂ ਮੇਰੇ ’ਤੇ ਵੀ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਵਿਰੋਧੀ ਧਿਰ ਦੇ ਜ਼ਖਮੀ ਵਿਅਕਤੀ ਸੁਖਦੇਵ ਸਿੰਘ ਵਾਸੀ ਚੱਕ ਸੋਤਰੀਆ ਬੰਦੀਵਾਲਾ ਦੇ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਵੀਰਵਾਰ ਦੀ ਰਾਤ ਨੂੰ ਉਸ ਦਾ ਲਡ਼ਕਾ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਨਿਸ਼ਾ ਕੌਰ ਦੇ ਪਰਿਵਾਰ ਵਾਲੀਆਂ ਨੇ ਉਸ ਦੇ ਪੁੱਤਰ ਨੂੰ ਘਰ ਦੇ ਬਾਹਰ ਘੇਰ ਲਿਆ ਅਤੇ ਕੁੱਟ-ਮਾਰ ਕਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਇਸ ਤਰ੍ਹਾਂ ਪਿੰਡ ਸੁਖੇਰਾ ਬੋਦਲਾ ਵਿਖੇ ਜਗ੍ਹਾ ਨੂੰ ਲੈ ਕੇ ਹੋਏ ਝਗਡ਼ੇ ’ਚ ਜ਼ਖਮੀ ਔਰਤ ਰੇਸ਼ਮਾ ਬਾਈ ਪਤਨੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ ਨਾਲ ਮੱਝਾਂ ਵਾਲੀ ਹਵੇਲੀ ਬਣੀ ਹੋਈ ਹੈ ਅਤੇ ਹਵੇਲੀ ਦੇ ਨਾਲ ਰਹਿੰਦੇ ਗੁਆਂਢੀ ਸਾਡੀ ਹਵੇਲੀ ’ਚ ਜ਼ਬਰਦਸਤੀ ਦੀਵਾਰ ਬਣਾਉਣ ਲੱਗ ਪਏ ਅਤੇ ਜਦੋਂ ਮੈਂ ਉਨ੍ਹਾਂ ਨੂੰ ਦੀਵਾਰ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਔਰਤਾਂ ਨੂੰ ਨਾਲ ਲੈ ਕੇ ਮੇਰੀ ਕੁੱਟ-ਮਾਰ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ। ਦੂਜੇ ਪਾਸੇ ਵਿਰੋਧੀ ਧਿਰ ਦੇ ਜ਼ਖਮੀ ਵਿਅਕਤੀ ਜੰਗੀਰ ਸਿੰਘ ਪੁੱਤਰ ਬਾਕਰ ਸਿੰਘ ਵਾਸੀ ਸੁਖੇਰਾ ਬੋਦਲਾ ਨੇ ਦੱਸਿਆ ਕਿ ਉਸ ਨੇ ਪਿੰਡ ਦੇ ਇਕ ਵਿਅਕਤੀ ਕੋਲ 15 ਸਾਲ ਪਹਿਲਾਂ ਜਗ੍ਹਾ ਮੁੱਲ ਖਰੀਦ ਕੀਤੀ। ਜ਼ਖਮੀ ਨੇ ਅੱਗੇ ਦੱਸਿਆ ਕਿ ਬੀਤੀ ਰਾਤ ਭੱਠੇ ਤੋਂ ਕੰਮ ਕਰ ਕੇ ਵਾਪਸ ਘਰ ਆਇਆ ਤਾਂ ਰੇਸ਼ਮਾ ਬਾਈ ਵਗੈਰਾ ਨੇ ਜਗ੍ਹਾ ’ਤੇ ਕਬਜ਼ਾ ਕਰਨ ਦੀ ਨੀਯਤ ਨਾਲ ਦੀਵਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਦੀਵਾਰ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਮੇਰੇ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸੇ ਤਰ੍ਹਾਂ ਹੀ ਪਿੰਡ ਫੱਤੂਵਾਲਾ ਵਾਲਾ ਵਿਖੇ ਬੀਤੀ ਰਾਤ ਹੋਏ ਝਗਡ਼ੇ ’ਚ ਜ਼ਖਮੀ ਅਮਰੀਕ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਫੱਤੂਵਾਲਾ ਨੇ ਦੱਸਿਆ ਕਿ ਅੱਜ ਤੋਂ 20 ਦਿਨ ਪਹਿਲਾਂ ਪਿੰਡ ਦੇ ਕੁਲਵੰਤ ਸਿੰਘ ਨਾਲ ਝਗਡ਼ਾ ਹੋਇਆ ਸੀ ਅਤੇ ਜਿਸ ਦਾ ਰਾਜ਼ੀਨਾਮ ਪਿੰਡ ਦੀ ਪੰਚਾਇਤ ਨੇ ਸਾਡਾ ਆਪਸ ’ਚ ਕਰਵਾ ਦਿੱਤਾ ਸੀ ਪਰ ਬੀਤੀ ਰਾਤ ਉਕਤ ਵਿਅਕਤੀ ਰੰਜਿਸ਼ ਕਾਰਨ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਘਰ ਆ ਗਏ ਅਤੇ ਮੇਰੇ ਨਾਲ ਕੁੱਟ-ਮਾਰ ਕਰਨ ਲੱਗ ਪਏ ਅਤੇ ਜਦੋਂ ਮੇਰੀ ਚਾਚੀ ਮਨਜੀਤ ਕੌਰ ਪਤਨੀ ਪ੍ਰੀਤਮ ਸਿੰਘ ਨੇ ਮੈਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਅਕਤੀਆਂ ਨੇ ਉਸ ’ਤੇ ਵੀ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਵਿਰੋਧੀ ਧਿਰ ਦੇ ਜ਼ਖਮੀ ਕੁਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਫੱਤੂਵਾਲਾ ਨੇ ਦੱਸਿਆ ਕਿ 1 ਹਫਤਾ ਪਹਿਲਾਂ ਉਸ ਦਾ ਕਿਸੇ ਗੱਲ ਨੂੰ ਲੈ ਕੇ ਅਮਰੀਕ ਸਿੰਘ ਵਗੈਰਾ ਵਿਅਕਤੀਆਂ ਦੇ ਨਾਲ ਝਗਡ਼ਾ ਹੋਇਆ ਸੀ। ਜ਼ਖਮੀ ਨੇ ਅੱਗੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਘਰ ਦੇ ਨਾਲ ਬਣੀਆਂ ਦੁਕਾਨਾਂ ’ਤੇ ਗੇਡ਼ਾ ਮਾਰਨ ਲਈ ਗਿਆ ਤਾਂ ਅਮਰੀਕ ਸਿੰਘ ਵਗੈਰਾ ਨੇ ਹਮਸਲਾਹ ਹੋ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਜਦੋਂ ਉਸ ਦਾ ਭਾਣਜਾ ਅਮਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਚੱਕ ਬਲੋਚਾ ਮਹਾਲਮ ਉਸ ਨੂੰ ਛੁਡਾਉਣ ਲਈ ਅੱਗੇ ਵਧੀਆ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਵੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਾਮਾ, ਭਾਣਜਾ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

Related News