ਯੂਥ ਕਲੱਬ ਵੱਲੋਂ ਵੋਟਰ ਜਾਗਰੂਕਤਾ ਪ੍ਰੋਗਰਾਮ ਆਯੋਜਿਤ

03/27/2019 4:10:31 AM

ਫਿਰੋਜ਼ਪੁਰ (ਭੁੱਲਰ, ਕੁਮਾਰ, ਮਲਹੋਤਰਾ, ਪਰਮਜੀਤ)–ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋਂ ਜ਼ਿਲਾ ਯੁਵਾ ਗ੍ਰਾਮ ਵਿਕਾਸ ਪ੍ਰੋਗਰਾਮ ਦੇ ਤਹਿਤ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਸ਼ਹੀਦ ਊਧਮ ਸਿੰਘ ਯੂਥ ਐਂਡ ਸਪੋਰਟਸ ਕਲੱਬ ਪਿੰਡ ਪੰਜੇ ਕੇ ਉਤਾਡ਼ ਵਿਖੇ ਕੀਤਾ ਗਿਆ। ਪ੍ਰੋਗਰਾਮ ’ਚ ਅਮਿਤ ਗੁਪਤਾ ਐੱਸ. ਡੀ. ਐੱਮ. ਫਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਪ੍ਰਧਾਨਗੀ ਸਰਬਜੀਤ ਸਿੰਘ ਬੇਦੀ ਜ਼ਿਲਾ ਯੂਥ ਕੋਆਰਡੀਨੇਟਰ ਨੇ ਕੀਤੀ ਅਤੇ ਇੰਦਰਪਾਲ ਮੁੱਖ ਬੁਲਾਰੇ ਦੇ ਰੂਪ ਵਿਚ ਸ਼ਾਮਲ ਹੋਏ, ਜਿਨ੍ਹਾਂ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਆਪਣੇ ਵਿਚਾਰ ਰੱਖੇ ਗਏ ਅਤੇ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਅਮਿਤ ਗੁਪਤਾ ਵੱਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਭਾਰਤ ਦਾ ਲੋਕਤੰਤਰ ਢਾਂਚਾ ਸੰਸਾਰ ’ਚ ਸਭ ਤੋਂ ਮਜ਼ਬੂਤ ਹੈ। ਇਸ ਦਾ ਕਾਰਨ ਸਾਡਾ ਵੋਟ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਤਿਉਹਾਰਾਂ ’ਚ ਵਧ ਚਡ਼੍ਹ ਕੇ ਹਿੱਸਾ ਲੈਂਦੇ ਹਾਂ, ਉਸੇ ਤਰ੍ਹਾਂ ਵੋਟ ਪਾਉਣ ਲਈ ਵੀ ਉਨਾ ਹੀ ਉਤਸ਼ਾਹ ਵਿਖਾਉਣਾ ਚਾਹੀਦਾ ਹੈ। ਨਹਿਰੂ ਯੁਵਾ ਕੇਂਦਰ ਤੇ ਉਸ ਨਾਲ ਸਬੰਧਤ ਕਲੱਬਾਂ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਮੌਕੇ ਕਲੱਬ ਪ੍ਰਧਾਨ ਵਿਕਰਮਜੀਤ ਸਿੰਘ ਵੱਲੋਂ ਹੁਣ ਤੱਕ ਵੋਟਰ ਜਾਗਰੂਕਤਾ ਅਭਿਆਨ ਤਹਿਤ ਕਲੱਬ ਵੱਲੋਂ ਕੀਤੇ ਪ੍ਰੋਗਰਾਮਾਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ।

Related News