ਪਾਣੀ ਦੇ ਮਾਮਲੇ ਨੂੰ ਲੈ ਕੇ ਫਾਇਰਿੰਗ, 3 ਜ਼ਖਮੀ

11/22/2017 2:05:22 AM

ਗਿੱਦੜਬਾਹਾ,   (ਕੁਲਭੂਸ਼ਨ)-  ਪਿੰਡ ਹੁਸਨਰ ਤੇ ਬੁਬਾਣੀਆਂ ਵਿਚਕਾਰ ਪਾਣੀ ਦੇ ਮਾਮਲੇ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਹੋਈ ਫਾਇਰਿੰਗ 'ਚ 3 ਵਿਅਕਤੀ ਜ਼ਖਮੀ ਹੋ ਗਏ। 
ਕੀ ਸੀ ਮਾਮਲਾ
ਜਾਣਕਾਰੀ ਦਿੰਦਿਆਂ ਪਿੰਡ ਹੁਸਨਰ ਦੇ ਅਵਤਾਰ ਸਿੰਘ, ਦਿਲਬਾਗ ਸਿੰਘ, ਟੇਕ ਸਿੰਘ, ਨਾਇਬ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਰਕਬੇ ਨੂੰ ਲੱਗਣ ਵਾਲੇ ਨਹਿਰੀ ਪਾਣੀ ਵਿਚ ਪਿੰਡ ਬੁਬਾਣੀਆਂ ਦੇ ਪੁਲਸ ਮੁਲਾਜ਼ਮ ਅਮਰੀਕ ਸਿੰਘ ਨੇ ਆਪਣੇ ਖੇਤਾਂ ਨੂੰ ਪਾਣੀ ਲਾਉਣ ਲਈ ਨਾਜਾਇਜ਼ ਤੌਰ 'ਤੇ ਖਾਲ ਵਿਚ ਨੱਕਾ ਲਾ ਲਿਆ ਸੀ, ਜਿਸ ਨੂੰ ਲੈ ਕੇ ਉਹ ਅੱਜ ਗਿੱਦੜਬਾਹਾ ਦੇ ਡੀ. ਐੱਸ. ਪੀ. ਨੂੰ ਮਿਲੇ ਸਨ ਪਰ ਉਸ ਸਮੇਂ ਪੁਲਸ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। 
ਅੱਜ ਦੇਰ ਸ਼ਾਮ ਜਦੋਂ ਉਹ ਇਕੱਠੇ ਹੋ ਕੇ ਉਕਤ ਨੱਕੇ ਨੂੰ ਬੰਦ ਕਰਨ ਗਏ ਤਾਂ ਪੁਲਸ ਮੁਲਾਜ਼ਮ ਅਮਰੀਕ ਸਿੰਘ ਨੇ ਆਪਣੇ ਸਾਥੀਆਂ ਸਮੇਤ ਸਾਡੇ 'ਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਸਾਡੇ ਪਿੰਡ ਦੇ ਹਰਚੰਦ ਸਿੰਘ ਨੰਬਰਦਾਰ, ਡਾ. ਕੁਲਦੀਪ ਸਿੰਘ ਅਤੇ ਰੇਸ਼ਮ ਸਿੰਘ ਖਾਲਸਾ ਜ਼ਖਮੀ ਹੋ ਗਏ।
ਡੀ. ਐੱਸ. ਪੀ. ਰਾਜਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀ ਚੱਲਣ ਬਾਰੇ ਖਬਰ ਜ਼ਰੂਰ ਮਿਲੀ ਹੈ ਪਰ ਅਜੇ ਤੱਕ ਗੋਲੀ ਚਲਾਉਣ ਵਾਲੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਐੱਸ. ਐੱਚ. ਓ. ਧਰਮਪਾਲ ਸ਼ਰਮਾ ਉਕਤ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਦੇ ਬਿਆਨ ਲੈਣ ਲਈ ਬਠਿੰਡਾ ਰਵਾਨਾ ਹੋ ਗਏ ਹਨ ਤੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 


Related News