ਦੀਵਾਲੀ ਦੇ ਸੀਜ਼ਨ ਦੌਰਾਨ ਵੀ ਫਾਇਰ ਬ੍ਰਿਗੇਡ ਵਿੰਗ ’ਚ ਬਰਕਰਾਰ ਰਹੇਗੀ ਸਟਾਫ਼ ਦੀ ਕਮੀ

Monday, Oct 10, 2022 - 02:09 PM (IST)

ਦੀਵਾਲੀ ਦੇ ਸੀਜ਼ਨ ਦੌਰਾਨ ਵੀ ਫਾਇਰ ਬ੍ਰਿਗੇਡ ਵਿੰਗ ’ਚ ਬਰਕਰਾਰ ਰਹੇਗੀ ਸਟਾਫ਼ ਦੀ ਕਮੀ

ਲੁਧਿਆਣਾ (ਹਿਤੇਸ਼) : ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿੰਗ ’ਚ ਦੀਵਾਲੀ ਦੇ ਸੀਜ਼ਨ ਦੇ ਦੌਰਾਨ ਵੀ ਸਟਾਫ਼ ਦੀ ਕਮੀ ਬਰਕਰਾਰ ਰਹੇਗੀ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਨਗਰ ਨਿਗਮ ਦੇ ਰਿਕਾਰਡ ਮੁਤਾਬਕ ਦੀਵਾਲੀ ਦੇ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਹੁੰਦੀਆਂ ਹਨ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਵੀ ਹੁੰਦਾ ਹੈ। ਹਾਲਾਂਕਿ ਇਸ ਹਾਲਾਤ ਨਾਲ ਨਜਿੱਠਣ ਲਈ ਨਗਰ ਨਿਗਮ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਸਮਾਰਟ ਸਿਟੀ ਮਿਸ਼ਨ ਦੇ ਫੰਡ ’ਚੋਂ ਫਾਇਰ ਬ੍ਰਿਗੇਡ ਵਿੰਗ ’ਚ ਗੱਡੀਆਂ ਅਤੇ ਹੋਰ ਇੰਫ੍ਰਾਸਟੱਰਕਚਰ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਡਰਾਈਵਰ ਅਤੇ ਫਾਇਰਮੈਨ ਦੇ ਰੂਪ ’ਚ ਸਟਾਫ਼ ਦੀ ਕਮੀ ਹਾਲੇ ਵੀ ਬਰਕਰਾਰ ਹੈ ਕਿਉਂਕਿ ਇਸ ਸਮੇਂ 87 ਮੁਲਾਜ਼ਮ ਕੰਮ ਕਰ ਰਹੇ ਹਨ, ਜਦਕਿ 3 ਸ਼ਿਫਟਾਂ ਲਈ ਲਗਭਗ 250 ਮੁਲਾਜ਼ਮਾਂ ਦੀ ਲੋੜ ਹੈ।

ਇਸ ਦੇ ਮੱਦੇਨਜ਼ਰ ਫਾਇਰ ਬ੍ਰਿਗੇਡ ਵਿੰਗ ਦੇ ਅਧਿਕਾਰੀਆਂ ਵੱਲੋਂ 120 ਡਰਾਈਵਰ ਅਤੇ ਫਾਇਰ ਅਤੇ ਫਾਇਰਮੈਨ ਰੱਖਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਪਰ ਐੱਫ. ਐਂਡ ਸੀ. ਸੀ. ਦੀ ਮੀਟਿੰਗ ਦੌਰਾਨ 2 ਮਹੀਨਿਆਂ ਲਈ ਸਿਰਫ 45 ਮੁਲਾਜ਼ਮ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਪੋਸਕੋ ਨੇ ਸ਼ਰਤ ਲਗਾ ਦਿੱਤੀ ਹੈ ਕਿ ਉਹ ਘੱਟ ਤੋਂ ਘੱਟ 6 ਮਹੀਨਿਆਂ ਲਈ ਸਟਾਫ਼ ਦੇ ਸਕਦੇ ਹਨ। ਹੁਣ ਇਸ ਮੁੱਦੇ ’ਤੇ ਫ਼ੈਸਲਾ ਲੈਣ ਲਈ ਫਾਇਰ ਬ੍ਰਿਗੇਡ ਵਿੰਗ ਦੇ ਅਧਿਕਾਰੀਆਂ ਵੱਲੋਂ ਕਮਿਸ਼ਨਰ ਨੂੰ ਰਿਪੋਰਟ ਭੇਜੀ ਗਈ ਹੈ।
 


author

Babita

Content Editor

Related News