ਭਰਾ ਨੇ ਭਰਾ ਦੇ ਘਰ ਨੂੰ ਲਗਾਈ ਅੱਗ, ਪਰਿਵਾਰ ਨੇ ਭੱਜ ਕੇ ਬਚਾਈ ਜਾਨ
Thursday, May 01, 2025 - 04:41 PM (IST)

ਅਬੋਹਰ (ਸੁਨੀਲ) : ਇੱਥੇ ਨੇੜਲੇ ਪਿੰਡ ਖਾਟਵਾਂ 'ਚ ਇਕ ਭਰਾ ਨੇ ਨਸ਼ੇ ਦੀ ਹਾਲਤ 'ਚ ਆਪਣੇ ਹੀ ਭਰਾ ਦੇ ਘਰ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਉਸਦੇ ਭਰਾ ਅਤੇ ਉਸਦੇ ਪਰਿਵਾਰ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਪਰ ਕਮਰੇ ਵਿੱਚ ਲੱਗੀ ਭਿਆਨਕ ਅੱਗ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ। ਪੀੜਤ ਦੀ ਸ਼ਿਕਾਇਤ ’ਤੇ ਬਹਾਵਵਾਲਾ ਥਾਣੇ ਨੇ ਉਸਦੇ ਭਰਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਮਹਿੰਦਰ ਕੁਮਾਰ ਪੁੱਤਰ ਸਾਹਿਬ ਰਾਮ ਨੇ ਕਿਹਾ ਕਿ ਉਸਦਾ ਭਰਾ ਸੁਰਿੰਦਰ ਕੁਮਾਰ ਨਸ਼ੇੜੀ ਹੈ ਅਤੇ ਉਹ ਦੋ ਮੰਜ਼ਿਲਾ ਮਕਾਨ ਦੇ ਉੱਪਰਲੇ ਹਿੱਸੇ ਵਿੱਚ ਰਹਿੰਦਾ ਹੈ। ਪਿਛਲੇ ਦਿਨ ਜਦੋਂ ਉਸਦਾ ਪਰਿਵਾਰ ਕਮਰੇ 'ਚ ਸੁੱਤਾ ਪਿਆ ਸੀ ਤਾਂ ਉਸਦਾ ਭਰਾ ਸੁਰਿੰਦਰ ਹੇਠਾਂ ਆਇਆ ਅਤੇ ਵਿਹੜੇ 'ਚ ਖੜ੍ਹੇ ਮੋਟਰਸਾਈਕਲ ਵਿੱਚੋਂ ਪੈਟਰੋਲ ਕੱਢਿਆ ਅਤੇ ਕਮਰੇ ਵਿੱਚ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਜਿਵੇਂ ਹੀ ਉਸਨੂੰ ਅੱਗ ਲੱਗਣ ਦਾ ਪਤਾ ਲੱਗਾ, ਉਹ ਬਹੁਤ ਮੁਸ਼ਕਲ ਨਾਲ ਕਮਰੇ ਵਿੱਚੋਂ ਬਾਹਰ ਆਇਆ ਅਤੇ ਆਪਣੀ ਜਾਨ ਬਚਾਈ। ਜਦੋਂ ਕਿ ਉਸਦੇ ਕਮਰੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਸੁਰਿੰਦਰ ਕੁਮਾਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਮੈਡੀਕਲ ਜਾਂਚ ਲਈ ਹਸਪਤਾਲ ਲਿਆਂਦਾ ਗਿਆ।