ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਨੇੜੇ ਲੱਗੀ ਅੱਗ, ਜਨਰੇਟਰ ਦੀਆਂ ਤਾਰਾਂ ਸੜ ਕੇ ਸੁਆਹ

Saturday, Apr 25, 2026 - 08:23 AM (IST)

ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਨੇੜੇ ਲੱਗੀ ਅੱਗ, ਜਨਰੇਟਰ ਦੀਆਂ ਤਾਰਾਂ ਸੜ ਕੇ ਸੁਆਹ

ਸੁਲਤਾਨਪੁਰ ਲੋਧੀ (ਧੀਰ) : ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਸ਼ੁੱਕਰਵਾਰ ਦੁਪਹਿਰ ਸਮੇਂ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਹਸਪਤਾਲ ਦੇ ਬਾਹਰ ਬਣੇ ਸਵਰਗੀ ਗੁਰਮੇਲ ਸਿੰਘ ਚੀਮਾ ਪਾਰਕ ਦੇ ਨਾਲ ਲੱਗਦੇ ਆਕਸੀਜਨ ਪਲਾਂਟ ਅਤੇ ਜਨਰੇਟਰ ਦੇ ਬਿਲਕੁਲ ਨਜ਼ਦੀਕ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਮਿੰਟਾਂ ’ਚ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਨਜ਼ਦੀਕੀ ਐਮਰਜੈਂਸੀ ਵਾਰਡ ’ਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਵਿੱਕੀ ਚੌਹਾਨ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੇ ਆਕਸੀਜਨ ਪਲਾਂਟ ਕੋਲ ਉੱਠਦੀਆਂ ਅੱਗ ਦੀਆਂ ਲਪਟਾਂ ਦੇਖੀਆਂ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਹਸਪਤਾਲ ਦੇ ਡਿਊਟੀ ਡਾਕਟਰ ਵਿਕਾਸ ਨੂੰ ਦਿੱਤੀ। ਡਾਕਟਰ ਵਿਕਾਸ ਨੇ ਬਿਨਾਂ ਦੇਰੀ ਕੀਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਨੇ ਕੁਝ ਹੀ ਮਿੰਟਾਂ ’ਚ ਮੌਕੇ ’ਤੇ ਪਹੁੰਚ ਕੇ ਬੇਹੱਦ ਮੁਸਤੈਦੀ ਨਾਲ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ।

PunjabKesari

ਇਹ ਵੀ ਪੜ੍ਹੋ : ਲੁਧਿਆਣਾ ਦੇ ਮੰਦਰ 'ਚ ਬੇਅਦਬੀ! ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਵਾਰਦਾਤ

ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਰਹੀ ਕਿ ਅੱਗ ਆਕਸੀਜਨ ਪਲਾਂਟ ਦੇ ਬਿਲਕੁਲ ਕਰੀਬ ਹੋਣ ਦੇ ਬਾਵਜੂਦ ਕੋਈ ਵੱਡਾ ਧਮਾਕਾ ਜਾਂ ਜਾਨੀ ਨੁਕਸਾਨ ਨਹੀਂ ਹੋਇਆ। ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਨਾ ਪਹੁੰਚਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਲਾਂਕਿ, ਅੱਗ ਦੀ ਲਪੇਟ ’ਚ ਆਉਣ ਕਾਰਨ ਹਸਪਤਾਲ ਦੇ ਜਨਰੇਟਰ ਦੀਆਂ ਮਹਿੰਗੀਆਂ ਤਾਰਾਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਹਨ। ਫਿਲਹਾਲ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਤੇ ਉਨ੍ਹਾਂ ਦੀ ਟੀਮ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਫਾਇਰ ਸੇਫਟੀ ਪ੍ਰਬੰਧਾਂ ’ਤੇ ਉੱਠੇ ਸਵਾਲ

ਇਸ ਘਟਨਾ ਨੇ ਸਿਵਲ ਹਸਪਤਾਲ ਅਤੇ ਹੋਰ ਜਨਤਕ ਥਾਵਾਂ ’ਤੇ ਫਾਇਰ ਸੇਫਟੀ ਦੇ ਪ੍ਰਬੰਧਾਂ ’ਤੇ ਇਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਇਸ ਵਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਹਸਪਤਾਲ ਪ੍ਰਸ਼ਾਸਨ ਨੂੰ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨੇ ਚਾਹੀਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News