ਖੁਸ਼ੀਆਂ ਨੂੰ ਲੱਗਿਆ ਗ੍ਰਹਿਣ! ਧੀ ਵਿਆਹੁਣ ਗਿਆਂ ਮਗਰੋਂ ਘਰ ''ਚ ਲੱਗੀ ਅੱਗ
Sunday, Apr 06, 2025 - 07:21 PM (IST)

ਭਵਾਨੀਗੜ੍ਹ (ਕਾਂਸਲ/ਵਿਕਾਸ ਮਿੱਤਲ) : ਐਤਵਾਰ ਦੁਪਹਿਰ ਨੂੰ ਇੱਥੇ ਬਿਸ਼ਨ ਨਗਰ ਗਲੀ ਨੰਬਰ 2 'ਚ ਸਥਿਤ ਇੱਕ ਘਰ ਵਿਚ ਅਚਾਨਕ ਅੱਗ ਲੱਗ ਗਈ। ਘਟਨਾ ਸਮੇਂ ਘਰ ਵਿਚ ਕੋਈ ਮੌਜੂਦ ਨਹੀਂ ਸੀ, ਪਰਿਵਾਰ ਧੀ ਨੂੰ ਵਿਆਹੁਣ ਲਈ ਸ਼ਹਿਰ ਦੇ ਇਕ ਮੈਰਿਜ ਪੈਲੇਸ ਵਿਚ ਗਿਆ ਹੋਇਆ ਸੀ। ਗੁਆਂਢੀ ਨੇ ਘਰ ਵਿਚ ਅੱਗ ਲੱਗਣ ਦੀ ਸੂਚਨਾ ਦਿੱਤੀ ਤਾਂ ਪਰਿਵਾਰ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਹਾਲਾਂਕਿ, ਖੁਸ਼ਕਿਸਮਤੀ ਨਾਲ ਅੱਗ ਦੀ ਇਸ ਘਟਨਾ ਵਿਚ ਪਰਿਵਾਰ ਦਾ ਜ਼ਿਆਦਾ ਨੁਕਸਾਨ ਨਹੀੰ ਹੋਇਆ।
ਘਟਨਾ ਸਬੰਧੀ ਰਘਵੀਰ ਸਿੰਘ ਨੇ ਦੱਸਿਆ ਕਿ ਅੱਜ ਉਸਦੇ ਮਾਮੇ ਲਖਵਿੰਦਰ ਸਿੰਘ ਵਾਸੀ ਬਿਸ਼ਨ ਨਗਰ ਦੀ ਧੀ ਦਾ ਵਿਆਹ ਸੀ ਤੇ ਪੂਰਾ ਪਰਿਵਾਰ ਇੱਥੇ ਪ੍ਰੀਤ ਪੈਲੇਸ ਵਿਖੇ ਗਿਆ ਹੋਇਆ ਸੀ। ਇਸ ਦੌਰਾਨ ਮਾਮੇ ਲਖਵਿੰਦਰ ਸਿੰਘ ਦੇ ਗੁਆਂਢ 'ਚੋਂ ਕਿਸੇ ਨੇ ਫ਼ੋਨ 'ਤੇ ਉਨ੍ਹਾਂ ਦੇ ਘਰ ਵਿਚ ਅੱਗ ਲੱਗਣ ਬਾਰੇ ਸੂਚਿਤ ਕੀਤਾ ਤਾਂ ਵਿਆਹ ਸਮਾਗਮ ਵਿਚੋਂ ਹੀ ਤੁਰੰਤ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ। ਜਦੋਂ ਉਨ੍ਹਾਂ ਘਰ ਆ ਕੇ ਦੇਖਿਆ ਤਾਂ ਅੱਗ ਕਾਰਨ ਕਮਰੇ ਵਿਚ ਚਾਰੇ ਪਾਸੇ ਧੂੰਆਂ ਫੈਲਿਆ ਹੋਇਆ ਸੀ ਤਾਂ ਬਿਨਾਂ ਕਿਸੇ ਦੇਰੀ ਤੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਦਿਆਂ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ 'ਤੇ ਲਗਭਗ ਕਾਬੂ ਪਾ ਲਿਆ ਗਿਆ ਸੀ। ਰਘਵੀਰ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਅੱਗ ਕਮਰੇ ਵਿਚ ਰੱਖੇ ਮੰਦਰ ਦੇ ਬਲਦੇ ਦੀਵੇ ਤੋਂ ਅਚਾਨਕ ਲੱਗ ਗਈ ਜਿਸ ਕਾਰਨ ਮੰਦਰ, ਸਵਿੱਚ ਬੋਰਡ, ਕਮਰੇ ਅੰਦਰ ਰੱਖਿਆ ਰਾਸ਼ਨ ਦਾ ਸਮਾਨ ਤੇ ਮੰਜਾ ਸੜ ਗਿਆ ਇਸ ਤੋਂ ਇਲਾਵਾ ਅੱਗ ਦੀ ਤਪਸ ਕਾਰਨ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਪ੍ਰਭਾਵਿਤ ਹੋਈਆਂ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਕਮਰੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਕੇ ਦੂਰ-ਦੂਰ ਤੱਕ ਖਿੱਲਰ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8