ਵੱਡੀ ਖ਼ਬਰ: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇਣਗੇ ਗ੍ਰਿਫ਼ਤਾਰੀ, ਦਰਜ ਹੋਈ FIR

Friday, Oct 13, 2023 - 01:29 PM (IST)

ਫਿਰੋਜ਼ਪੁਰ (ਵੈੱਬ ਡੈਸਕ, ਕੁਮਾਰ) : ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ 'ਤੇ ਮੁਕੱਦਮਾ ਦਰਜ ਹੋ ਗਿਆ ਹੈ ਅਤੇ ਕੁਲਬੀਰ ਜ਼ੀਰਾ ਮੰਗਲਵਾਰ ਨੂੰ ਗ੍ਰਿਫ਼ਤਾਰੀ ਦੇਣਗੇ। ਇਹ ਮਾਮਲਾ ਫਿਰੋਜ਼ਪੁਰ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਸਾਬਕਾ ਵਿਧਾਇਕ ਕੁਲਬੀਰ ਸਿੰਘ ਤੋਂ ਇਲਾਵਾ ਉਨ੍ਹਾਂ ਨਾਲ ਮੌਜੂਦ ਕਰੀਬ 70 ਅਣਪਛਾਤੇ ਵਿਅਕਤੀਆਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਮਾਮਲੇ ਦਾ ਪਤਾ ਚੱਲਦਿਆਂ ਹੀ ਕੁਲਬੀਰ ਜ਼ੀਰਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਦਾਅਵਾ ਕੀਤਾ ਕਿ ਉਹ 17 ਅਕਤੂਬਰ ਨੂੰ ਗ੍ਰਿਫ਼ਤਾਰੀ ਦੇਣਗੇ। 

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਕਾਰਵਾਈ, 4 ਵਾਰ ਵਿਧਾਇਕ ਰਹੇ ਆਗੂ ਨੂੰ ਪਾਰਟੀ 'ਚੋਂ ਕੀਤਾ ਮੁਅੱਤਲ

ਮਾਮਲੇ ਸਬੰਧੀ ਬੀਡੀਪੀਓ ਜ਼ੀਰਾ ਨੇ ਦੱਸਿਆ ਕਿ 11 ਤੋਂ 12 ਅਕਤੂਬਰ ਤੱਕ ਜ਼ੀਰਾ ਨੇ ਆਪਣੇ ਸਾਥੀਆਂ ਸਣੇ ਬੀਡੀਪੀਓ ਦਫ਼ਤਰ ਸਾਹਮਣੇ ਧਰਨਾ ਲਗਾਇਆ ਸੀ। ਇਸ ਦੌਰਾਨ ਉਹ ਆਪਣੇ ਸਾਥੀਆਂ ਸਮੇਤ ਬੀਡੀਪੀਓ ਦਫ਼ਤਰ ਅੰਦਰ ਚਲੇ ਗਏ ਸਨ। ਕੁਲਬੀਰ ਜ਼ੀਰਾ ਨੇ ਸਰਕਾਰੀ ਕੰਮ ਵਿੱਚ ਦਖਲਅੰਦਾਜ਼ੀ ਕਰਨ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਨਾਲ ਦੁਰਵਿਵਹਾਰ ਵੀ ਕੀਤਾ। ਸਿਟੀ ਜ਼ੀਰਾ ਥਾਣੇ ਦੇ ਏ.ਐੱਸ.ਆਈ. ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ 'ਤੇ ਇਹ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਸੁਖਪਾਲ ਖਹਿਰਾ ਖ਼ਿਲਾਫ਼ ਪੁਲਸ ਨੇ ਕੋਰਟ 'ਚ ਪੇਸ਼ ਕੀਤੇ ਨਵੇਂ ਸਬੂਤ

ਉਧਰ ਕੁਲਬੀਰ ਸਿੰਘ ਜ਼ੀਰਾ ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਸਰਪੰਚਾਂ ਦੇ ਹੱਕ ਦਿਵਾਉਣ ਲਈ ਬੀ.ਡੀ.ਪੀ.ਓ ਦਫ਼ਤਰ ਜ਼ੀਰਾ ਵਿਖੇ ਲਾਏ ਗਏ ਧਰਨੇ ਕਰਕੇ ਮੇਰੇ 'ਤੇ ਅਤੇ ਮੇਰੇ ਸਾਥੀਆਂ 'ਤੇ ਮੁਕੱਦਮਾ ਨੰ:120/23 ਥਾਣਾ ਸਿਟੀ ਜ਼ੀਰਾ ਵਿਖੇ ਦਰਜ ਕੀਤਾ ਹੈ। ਮੈਂ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਾ ਹਾਂ। ਮਿਤੀ 17-10-2023 ਦਿਨ ਮੰਗਲਵਾਰ ਸੰਗਰਾਂਦ ਵਾਲੇ ਦਿਨ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰ 'ਤੇ ਨਤਮਸਤਕ ਹੋਣ ਤੋਂ ਬਾਅਦ ਫਿਰੋਜ਼ਪੁਰ ਵਿਖੇ ਦੁਪਹਿਰ 12 ਵਜੇ ਪ੍ਰੈੱਸ ਦੇ ਰੂ-ਬ-ਰੂ ਹੋ ਕੇ ਜ਼ੀਰਾ ਹਲਕੇ ਦੇ ਵਿਧਾਇਕ ਅਤੇ ਅਫ਼ਸਰਾਂ ਬਾਰੇ ਸਾਰੀ ਸੱਚਾਈ ਦੱਸਾਂਗਾ ਅਤੇ ਉਸ ਤੋਂ ਬਾਅਦ ਮੈਂ ਆਪਣੀ ਗ੍ਰਿਫ਼ਤਾਰੀ ਦਿਆਗਾਂ।   

ਇਹ ਵੀ ਪੜ੍ਹੋ : ਖੇਤੀਬਾੜੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸਖ਼ਤ ਆਦੇਸ਼ ਜਾਰੀ

ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਸ ਨੇ ਆਪਣੀ ਹੀ ਸਰਕਾਰ ਦੇ ਸਮੇਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਪਣੀ ਹੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਉਸ ਸਮੇਂ ਕੈਪਟਨ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਤੰਜ ਕੱਸੇ ਗਏ ਸਨ। ਜ਼ੀਰਾ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਆਪਣੀ ਪਾਰਟੀ ਦੀ ਵੀ ਪਰਵਾਹ ਨਹੀਂ ਕੀਤੀ ਸੀ ਅਤੇ ਅੱਜ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੀ ਕੋਈ ਪਰਵਾਹ ਨਹੀਂ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਉਹ ਅਨਿਆਂ ਖ਼ਿਲਾਫ਼ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਿਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News