ਰੂਸ ਭੇਜਣ ਦੇ ਨਾਂ ’ਤੇ 7.50 ਲੱਖ ਰੁਪਏ ਦੀ ਠੱਗੀ
Saturday, Sep 12, 2026 - 03:11 PM (IST)
ਫ਼ਿਰੋਜ਼ਪੁਰ (ਪਰਮਜੀਤ, ਕੁਮਾਰ, ਖੁੱਲਰ) : ਵਿਦੇਸ਼ ਭੇਜਣ ਦੇ ਨਾਂ ’ਤੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਟ੍ਰੈਵਲ ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਥਾਣਾ ਮਮਦੋਟ ਦੀ ਪੁਲਸ ਨੇ ਜਾਅਲੀ ਏਅਰ ਟਿਕਟਾਂ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਦਰਖਾਸਤ ’ਚ ਸ਼ਿਕਾਇਤਕਰਤਾ ਵਿਜੈ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਫ਼ਾਰੂ ਵਾਲਾ ਨੇ ਦੱਸਿਆ ਕਿ ਸੁਖਮੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਚੁੱਕ ਬਾਹਮਣੀ ਵਾਲਾ ਜ਼ਿਲਾ ਜਲੰਧਰ ਅਤੇ ਬਲਰਾਜ ਸਿੰਘ ਪੁੱਤਰ ਰਘੁਬੀਰ ਸਿੰਘ ਵਾਸੀ ਬੁੱਡੂਵਾਲਾ ਰੋਡ ਧਰਮਕੋਟ ਨੇ ਉਸ ਨੂੰ ਰੂਸ ਭੇਜਣ ਦਾ ਝਾਂਸਾ ਦਿੱਤਾ ਸੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਖਮੰਦਰ ਸਿੰਘ ਅਤੇ ਬਲਰਾਜ ਸਿੰਘ ਨੇ ਆਪਸੀ ਮਿਲੀ-ਭੁਗਤ ਅਤੇ ਜਾਅਲਸਾਜ਼ੀ ਕਰਦਿਆਂ ਵਿਜੈ ਕੁਮਾਰ ਨੂੰ ਰੂਸ ਭੇਜਣ ਲਈ ਜਾਅਲੀ ਏਅਰ ਟਿਕਟਾਂ ਦਿੱਤੀਆਂ। ਪੁਲਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਝੂਠੇ ਵਾਅਦੇ ਕਰ ਕੇ ਸ਼ਿਕਾਇਤਕਰਤਾ ਕੋਲੋਂ ਕਰੀਬ 7.50 ਲੱਖ ਰੁਪਏ ਠੱਗ ਲਏ ਅਤੇ ਉਸ ਨੂੰ ਭਾਰੀ ਆਰਥਿਕ ਤੇ ਮਾਨਸਿਕ ਨੁਕਸਾਨ ਪਹੁੰਚਾਇਆ। ਜਾਂਚ ਕਰਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਪੜਤਾਲ ਤੋਂ ਬਾਅਦ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
