ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਝਗੜਾ, 4 ਲੋਕਾਂ ਖ਼ਿਲਾਫ਼ ਪਰਚਾ
Saturday, Sep 19, 2026 - 05:31 PM (IST)
ਫਿਰੋਜ਼ਪੁਰ (ਮਲਹੋਤਰਾ) : ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਝਗੜੇ 'ਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਉਸਦੇ ਬਿਆਨਾਂ ਦੇ ਆਧਾਰ 'ਤੇ ਚਾਰ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਏ. ਐੱਸ. ਆਈ. ਕੁਲਵੰਤ ਸਿੰਘ ਦੇ ਅਨੁਸਾਰ ਪੀੜਤ ਬਲਵੀਰ ਸਿੰਘ ਪਿੰਡ ਕਮਾਲੇਵਾਲਾ ਨੇ ਬਿਆਨ ਦੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹ ਆਪਣੇ ਘਰ ਵਿਚ ਸੀਵਰੇਜ ਦੀ ਪਾਈਪ ਸਾਫ਼ ਕਰ ਰਿਹਾ ਸੀ ਤਾਂ ਗੁਆਂਢੀ ਬਲਵੀਰ ਸਿੰਘ, ਰਾਜੂ, ਬਲਦੇਵ ਸਿੰਘ ਅਤੇ ਰਾਜ ਕੌਰ ਉਨਾਂ ਦੇ ਘਰ ਦੇ ਬਾਹਰ ਆ ਕੇ ਰੌਲਾ ਪਾਉਣ ਲੱਗ ਪਏ।
ਉਸ ਨੇ ਬਾਹਰ ਆ ਕੇ ਦੇਖਿਆ ਤਾਂ ਚਾਰੇ ਡਾਂਗਾਂ ਲੈ ਕੇ ਖੜ੍ਹੇ ਸਨ ਅਤੇ ਉਸ ਨਾਲ ਕੁੱਟਮਾਰ ਕਰਨ ਲੱਗ ਪਏ। ਉਸਦੇ ਰੌਲਾ ਪਾਉਣ 'ਤੇ ਜਦ ਆਸਪਾਸ ਦੇ ਲੋਕ ਇਕੱਠੇ ਹੋਏ ਤਾਂ ਦੋਸ਼ੀ ਧਮਕੀਆਂ ਦਿੰਦੇ ਹੋਏ ਭੱਜ ਗਏ। ਏ. ਐੱਸ.ਆਈ. ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਦੋਹਾਂ ਧਿਰਾਂ ਵਿਚਾਲੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਉਪਰੰਤ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
