''ਤੁਹਾਡੇ ਮੁੰਡੇ ਨੂੰ ਕੈਨੇਡਾ ਪੁਲਸ ਨੇ ਫੜ ਲਿਆ ਹੈ...'' ਆਖ਼ ਕੇ ਔਰਤ ਤੋਂ ਠੱਗ ਲਏ 4.70 ਲੱਖ ਰੁਪਏ
Sunday, Sep 20, 2026 - 01:30 PM (IST)
ਫਿਰੋਜ਼ਪੁਰ (ਖੁੱਲਰ): ਕੈਨੇਡਾ ਵਿਚ ਰਹਿ ਰਹੇ ਪੁੱਤਰ ਨੂੰ ਪੁਲਸ ਹਿਰਾਸਤ ਵਿਚ ਦੱਸ ਕੇ ਇਕ ਔਰਤ ਨਾਲ 4 ਲੱਖ 70 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਮਾਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਕ੍ਰਾਈਮ ਪੁਲਿਸ ਨੇ ਇਸ ਸਬੰਧ ਵਿਚ ਅਣਪਛਾਤੇ ਠੱਗਾਂ ਖਿਲਾਫ 318(4), 319(2), 308 ਬੀਐੱਨਐੱਸ ਅਤੇ 66-ਡੀ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜਵਿੰਦਰ ਕੌਰ ਪਤਨੀ ਵਜੀਰ ਸਿੰਘ ਵਾਸੀ ਟਿੱਬੀ ਖੁਰਦ ਨੂੰ ਇਕ ਅਣਪਛਾਤੇ ਮੋਬਾਇਲ ਨੰਬਰ 6203654793 ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਉਸ ਨੂੰ ਡਰਾਉਂਦਿਆਂ ਕਿਹਾ ਕਿ ਉਸ ਦੇ ਪੁੱਤਰ ਨੇ ਕਿਸੇ ਗਲਤ ਵਿਅਕਤੀ ਤੋਂ ਲਿਫ਼ਟ ਲੈ ਲਈ ਹੈ, ਜਿਸ ਕਾਰਨ ਕੈਨੇਡਾ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ।
ਰਾਜਵਿੰਦਰ ਕੌਰ ਨੇ ਦੱਸਿਆ ਕਿ ਠੱਗ ਨੇ ਉਸ ਦੇ ਪੁੱਤਰ ਨੂੰ ਛੁਡਵਾਉਣ ਦਾ ਝਾਂਸਾ ਅਤੇ ਧਮਕੀ ਦੇ ਕੇ ਉਸ ਨੂੰ ਡਰਾ-ਧਮਕਾ ਕੇ ਉਸ ਕੋਲੋਂ 4,70,000 ਰੁਪਏ ਆਨਲਾਈਨ ਟਰਾਂਸਫਰ ਕਰਵਾ ਲਏ। ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
