ਚਾਰ ਧੀਆਂ ਦੇ ਪਿਤਾ ਦੀ ਸ਼ੱਕੀ ਹਾਲਾਤ ’ਚ ਮੌਤ
Saturday, Sep 19, 2026 - 04:06 PM (IST)
ਅਬੋਹਰ (ਸ. ਹ.) : ਇੱਥੇ ਨੇੜਲੀ ਢਾਣੀ ਵਿਸ਼ੇਸ਼ਰਨਾਥ ਵਾਸੀ ਇਕ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਸ ਦੀ ਲਾਸ਼ ਢਾਣੀ ਦੇ ਨੇੜੇ ਇਕ ਓਵਰਬ੍ਰਿਜ ਦੇ ਕੋਲ ਮਿਲੀ, ਜਿਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਸੱਟਾਂ ਦੇ ਨਿਸ਼ਾਨ ਸਨ। ਸ਼ਨੀਵਾਰ ਸਵੇਰੇ ਸੂਚਨਾ ਮਿਲਣ ’ਤੇ ਸਿਟੀ ਥਾਣਾ ਨੰਬਰ 2 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਮਾਮਲੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਮ੍ਰਿਤਕ ਚਾਰ ਧੀਆਂ ਦਾ ਪਿਤਾ ਸੀ। ਪੁਲਸ ਨੇੜਲੇ ਸਾਰੇ ਕੈਮਰਿਆਂ ਨੂੰ ਸਕੈਨ ਕਰ ਰਹੀ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਵਿਸ਼ੇਸ਼ਰਨਾਥ ਢਾਣੀ ਵਾਸੀ ਸੋਨੂੰ ਕੁਮਾਰ ਉਮਰ ਲੱਗਭਗ 40 ਸਾਲ ਜਿਹੜਾ ਕਿ ਚਾਰ ਧੀਆਂ ਦਾ ਪਿਤਾ ਸੀ ਅਤੇ ਬਾਗਾਂ ਵਿਚ ਮਜ਼ਦੂਰੀ ਕਰਦਾ ਸੀ। ਉਹ ਪਿਛਲੇ ਦਿਨ ਕੰਮ ’ਤੇ ਗਿਆ ਸੀ ਅਤੇ ਦੇਰ ਰਾਤ ਤੱਕ ਘਰ ਨਹੀਂ ਪਰਤਿਆ। ਅੱਜ ਸਵੇਰੇ ਓਵਰਬ੍ਰਿਜ ਦੇ ਨੇੜੇ ਰਾਹਗੀਰਾਂ ਨੇ ਉਸ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਦੇਖੀ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਉਹ ਮੌਕੇ ’ਤੇ ਪਹੁੰਚ ਗਏ। ਪੰਚਾਇਤ ਦੀ ਮਦਦ ਨਾਲ ਸਿਟੀ ਪੁਲਸ ਸਟੇਸ਼ਨ ਨੰਬਰ 2 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ’ਤੇ ਸਿਟੀ ਪੁਲਸ ਸਟੇਸ਼ਨ ਨੰਬਰ 2 ਦੇ ਥਾਣਾ ਇੰਚਾਰਜ ਰਵਿੰਦਰ ਸਿੰਘ ਭੀਟੀ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਅਤੇ ਸਮਿਤੀ ਮੈਂਬਰਾਂ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਅੱਜ ਸਵੇਰੇ ਸੂਚਨਾ ਮਿਲਦੇ ਹੀ ਉਹ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਆਲੇ-ਦੁਆਲੇ ਦੇ ਖੇਤਰ ਨੂੰ ਖੰਗਾਲਿਆ ਅਤੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ’ਚ ਮ੍ਰਿਤਕ ਦੇ ਸਰੀਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਾਹਮਣੇ ਆਏ ਹਨ। ਕਤਲ ਕਿਵੇਂ ਅਤੇ ਕਿਉਂ ਹੋਇਆ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
