ਸ਼ੱਕੀ ਹਾਲਾਤ ''ਚ ਲਾਪਤਾ ਡਾਕਟਰ ਦੀ ਲਾਸ਼ ਨਹਿਰ ਦੇ ਕੰਢਿਓਂ ਬਰਾਮਦ

Thursday, Oct 01, 2026 - 03:01 PM (IST)

ਸ਼ੱਕੀ ਹਾਲਾਤ ''ਚ ਲਾਪਤਾ ਡਾਕਟਰ ਦੀ ਲਾਸ਼ ਨਹਿਰ ਦੇ ਕੰਢਿਓਂ ਬਰਾਮਦ

ਅਬੋਹਰ (ਸੁਨੀਲ) : ਇੱਥੋਂ ਦੇ ਨੇੜਲੇ ਪਿੰਡ ਰਾਮਪੁਰਾ ਨਰਾਇਣਪੁਰਾ ਵਾਸੀ 31 ਸਾਲਾ ਆਰ. ਐੱਮ. ਪੀ. ਡਾਕਟਰ ਅਜੈਪਾਲ ਛੀਪਾ, ਜੋ ਤਿੰਨ ਦਿਨ ਪਹਿਲਾਂ ਰਾਤ ਨੂੰ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ ਅਤੇ ਜਿਸਦੀ ਮੋਟਰਸਾਈਕਲ ਨਹਿਰ ਦੇ ਕੰਢੇ ਤੋਂ ਮਿਲੀ ਸੀ। ਉਸਦੀ ਲਾਸ਼ ਬੀਤੇ ਦਿਨ ਰਾਜਸਥਾਨ ਦੇ ਨਾਥਵਾਨਾ ਪਿੰਡ ਨੇੜੇ ਸਰਦੂਲ ਬ੍ਰਾਂਚ ਨਹਿਰ ਵਿੱਚੋਂ ਬਰਾਮਦ ਕੀਤੀ ਗਈ। ਮ੍ਰਿਤਕ ਦੇ ਪਰਿਵਾਰ ਨੇ ਉਸ ਨਾਲ ਕੁੱਝ ਅਣਸੁਖਾਵਾਂ ਵਾਪਰਨ ਦਾ ਡਰ ਪ੍ਰਗਟ ਕੀਤਾ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੈਡੀਕਲ ਬੋਰਡ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਰੋਹਤਾਸ਼ ਨੇ ਦੱਸਿਆ ਕਿ ਇੱਕ ਰਾਹਗੀਰ ਨੇ ਸਰਦੂਲ ਬ੍ਰਾਂਚ ਨਹਿਰ ਦੇ ਕੰਢੇ ਇੱਕ ਮੋਟਰਸਾਈਕਲ ਖੜ੍ਹਾ ਦੇਖ ਕੇ ਰਿਪੋਰਟ ਕੀਤੀ ਅਤੇ ਸ਼ੱਕ ਕੀਤਾ ਕਿ ਕੋਈ ਇਸ ਵਿੱਚ ਡਿੱਗ ਗਿਆ ਹੈ।

ਪੁਲਸ ਦੇ ਅਨੁਸਾਰ ਸਮਾਜਿਕ ਸੰਸਥਾ ਦੇ ਵਰਕਰਾਂ ਅਤੇ ਪਿੰਡ ਵਾਸੀਆਂ ਨੇ ਨਹਿਰ 'ਚ ਭਾਲ ਸ਼ੁਰੂ ਕਰ ਦਿੱਤੀ। ਲਗਭਗ ਦੋ ਕਿਲੋਮੀਟਰ ਦੂਰ ਇੱਕ ਲਾਸ਼ ਬਰਾਮਦ ਹੋਈ। ਬਾਅਦ 'ਚ ਲਾਸ਼ ਦੀ ਪਛਾਣ 31 ਸਾਲਾ ਅਜੈਪਾਲ ਛੀਪਾ ਵਾਸੀ ਪਿੰਡ ਰਾਮਪੁਰਾ, ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ। ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਦੇ ਬਾਅਦ ਪਰਿਵਾਰ ਮੌਕੇ ’ਤੇ ਪਹੁੰਚਿਆ। ਮੌਕੇ ’ਤੇ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸੰਗਰੀਆ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰੱਖ ਦਿੱਤਾ ਗਿਆ। ਮ੍ਰਿਤਕ ਦੇ ਭਰਾ ਮਨੂਪਾਲ ਦੇ ਬਿਆਨ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਰਿਵਾਰ ਅਨੁਸਾਰ, ਅਜੈਪਾਲ ਨੂੰ ਸੋਮਵਾਰ ਰਾਤ ਨੂੰ ਉਸਦੇ ਮੋਬਾਇਲ ਫੋਨ ’ਤੇ ਇੱਕ ਕਾਲ ਆਈ। ਕਾਲ ਆਉਣ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ’ਤੇ ਘਰੋਂ ਨਿਕਲਿਆ ਪਰ ਵਾਪਸ ਨਹੀਂ ਆਇਆ। ਜਦੋਂ ਉਹ ਦੇਰ ਰਾਤ ਤੱਕ ਘਰ ਨਹੀਂ ਪਰਤਿਆ ਤਾਂ ਉਸਦੇ ਪਰਿਵਾਰ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦਾ ਫੋਨ ਬੰਦ ਸੀ। ਮੰਗਲਵਾਰ ਸਵੇਰੇ ਉਨ੍ਹਾਂ ਨੂੰ ਪੁਲਸ ਵੱਲੋਂ ਸੂਚਿਤ ਕੀਤਾ ਗਿਆ ਕਿ ਅਜੈਪਾਲ ਦੀ ਲਾਸ਼ ਨਹਿਰ ਤੋਂ ਬਰਾਮਦ ਕੀਤੀ ਗਈ ਹੈ। ਪਰਿਵਾਰ ਅਨੁਸਾਰ ਅਜੈਪਾਲ ਦਾ ਮੋਟਰਸਾਈਕਲ ਨਹਿਰ ਦੇ ਕੰਢੇ ਤੋਂ ਬਰਾਮਦ ਕੀਤਾ ਗਿਆ ਸੀ ਪਰ ਉਸਦਾ ਮੋਬਾਇਲ ਫੋਨ ਗਾਇਬ ਸੀ। ਨਤੀਜੇ ਵਜੋਂ ਪਰਿਵਾਰ ਨੇ ਉਸਦੀ ਮੌਤ ’ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਜੈਪਾਲ ਵਿਆਹਿਆ ਹੋਇਆ ਸੀ ਅਤੇ ਉਸਦਾ ਇੱਕ ਬੱਚਾ ਸੀ।
 


author

Babita

Content Editor

Related News