ਪ੍ਰਾਪਰਟੀ ਡੀਲਰ ਨੇ ਜਾਅਲੀ ਬੈਨਾਮੇ ਬਣਾ ਕੇ ਵੇਚੀ ਜ਼ਮੀਨ, ਪਰਚਾ
Tuesday, Oct 07, 2025 - 11:55 AM (IST)

ਮੋਹਾਲੀ (ਜੱਸੀ) : ਪਿੰਡ ਬੜ ਮਾਜਰਾ ’ਚ ਅਣ-ਅਧਿਕਾਰਤ ਕਾਲੋਨੀਆਂ ’ਚ ਛੋਟੇ ਪਲਾਟ ਕੱਟ ਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬਲੌਂਗੀ ਪੁਲਸ ਨੂੰ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਰਿਸ਼ਤੇਦਾਰ ਨਾਲ ਮਿਲ ਕੇ ਪਿੰਡ ਬੜ ਮਾਜਰਾ ’ਚ 4 ਏਕੜ ਜ਼ਮੀਨ ਖਰੀਦੀ ਗਈ ਸੀ। ਉਨ੍ਹਾਂ ਦੇ ਹਿੱਸੇ 10 ਕਨਾਲ 15 ਮਰਲੇ ਆਏ। ਜ਼ਰੂਰਤ ਮੁਤਾਬਕ ਕੁੱਝ ਜ਼ਮੀਨ ਵਿੱਕੀ ਕੁਮਾਰ ਨੂੰ ਵੇਚ ਦਿੱਤੀ। ਇਸ ਤੋਂ ਬਾਅਦ ਕੋਲ 4 ਕਨਾਲ 15 ਮਰਲੇ ਜ਼ਮੀਨ ਰਹਿ ਗਈ, ਪਰ ਵਿੱਕੀ ਨੇ ਉਨ੍ਹਾਂ ਦੀ ਬਚੀ ਜ਼ਮੀਨ ’ਚੋਂ ਛੋਟੇ-ਛੋਟੇ ਪਲਾਟ ਕੱਟ ਕੇ ਲੋਕਾਂ ਨੂੰ ਵੇਚਣੇ ਸ਼ੁਰੂ ਕਰ ਦਿੱਤੇ।
ਜਦੋਂ ਜਾਣਕਾਰੀ ਮਿਲੀ ਤਾਂ ਪਤਾ ਲੱਗਿਆ ਕਿ ਵਿੱਕੀ ਨੇ 2 ਕਨਾਲ 15 ਮਰਲੇ ਜ਼ਮੀਨ ਜਾਅਲੀ ਬੈਨਾਮੇ ਤਿਆਰ ਕਰ ਕੇ ਵੇਚੀ। ਉਹ ਪਟਵਾਰੀ ਨੂੰ ਮਿਲੇ ਜਿੱਥੋਂ ਪਤਾ ਲੱਗਿਆ ਕਿ 20 ਲੋਕਾਂ ਦੇ ਨਾਂ ’ਤੇ ਜਾਅਲੀ ਬੈਨਾਮੇ ਬਣਾ ਕੇ ਰਜਿਸਟਰਡ ਕਰਵਾ ਦਿੱਤੇ। ਵਿੱਕੀ ਕੁਮਾਰ ਨੇ ਜਿੱਥੇ ਸਰਕਾਰ ਨਾਲ ਠੱਗੀ ਮਾਰੀ ਹੈ, ਉੱਥੇ ਹੀ 20 ਲੋਕਾਂ ਨੂੰ ਪਲਾਟ ਵੇਚ ਕੇ ਧੋਖਾਧੜੀ ਕੀਤੀ ਹੈ। ਮੁਲਜ਼ਮ ਵੱਲੋਂ ਇਕਰਾਰਨਾਮਾ ਵੀ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਜ਼ਮੀਨ ’ਤੇ ਕਬਜ਼ਾ ਵੀ ਕਰਵਾ ਦਿੱਤਾ। ਪੁਲਸ ਨੇ ਮਨਜੀਤ ਸਿੰਘ ਵਾਸੀ ਫ਼ੇਜ਼-2 ਦੀ ਸ਼ਿਕਾਇਤ ’ਤੇ ਵਿੱਕੀ ਕੁਮਾਰ ਵਾਸੀ ਪਿੰਡ ਜੁਝਾਰ ਨਗਰ (ਮੋਹਾਲੀ) ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਲੇ ਤੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।