ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ ਦੇਣ ਦੇ ਦੋਸ਼ ’ਚ 5 ਨਾਮਜ਼ਦ
Monday, May 19, 2025 - 04:14 PM (IST)

ਫਿਰੋਜ਼ਪੁਰ (ਖੁੱਲਰ) : ਆਰਿਫ ਕੇ ਦੇ ਅਧੀਨ ਆਉਂਦੇ ਪਿੰਡ ਬੰਡਾਲਾ ਵਿਖੇ ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ ਦੇਣ ਦੇ ਦੋਸ਼ 'ਚ ਥਾਣਾ ਆਰਿਫ ਕੇ ਪੁਲਸ ਨੇ 3 ਬਾਏ ਨੇਮ ਵਿਅਕਤੀਆਂ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਜਸਬੀਰ ਸਿੰਘ ਪੁੱਤਰ ਸੂਤਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਨਿਸ਼ਾਨ ਸਿੰਘ ਪੁੱਤਰ ਜਰਨੈਲ ਸਿੰਘ, ਜਰਮਨਪ੍ਰੀਤ ਕੌਰ ਪੁੱਤਰੀ ਦਿਲਬਾਗ ਸਿੰਘ ਅਤੇ ਦਰਸ਼ਨ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਬੰਡਾਲਾ ਨਾਲ ਸੌਦਾ 2 ਕਿੱਲੇ ਜ਼ਮੀਨ ਦਾ 40 ਲੱਖ 'ਚ ਹੋਇਆ ਸੀ।
ਉਸ ਨੇ 16 ਲੱਖ ਰੁਪਏ ਬਿਆਨਾ ਦਿੱਤਾ ਸੀ ਅਤੇ ਇਸ ਦੀ ਰਜਿਸਟਰੀ 1 ਸਾਲ ਬਾਅਦ ਕਰਵਾਉਣੀ ਸੀ। ਜਸਬੀਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਅਨ ਨੂੰ ਬਿਆਨਾਂ ਕਰਵਾਉਣ ਤੋਂ ਬਾਅਦ ਦਰਸ਼ਨ ਕੌਰ ਨੇ ਕਿਹਾ ਕਿ ਸਾਨੂੰ ਜ਼ਮੀਨ ਦਾ ਰੇਟ ਘੱਟ ਦਿੱਤਾ ਹੈ, ਸਾਨੂੰ ਜ਼ਮੀਨ ਦਾ ਰੇਟ ਵੱਧ ਦੇ ਨਹੀਂ ਤਾਂ ਅਸੀਂ ਜ਼ਮੀਨ ਦੀ ਰਜਿਸਟਰੀ ਨਹੀਂ ਕਰਕੇ ਦੇਣੀ। ਜਸਬੀਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਅਨ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਝਗੜਾ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।