ਪਰਾਲੀ ਸਾੜਨ ਦੇ ਦੋਸ਼ ਹੇਠ 17 ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ

Wednesday, Nov 13, 2024 - 01:57 PM (IST)

ਫਿਰੋਜ਼ਪੁਰ/ਘੱਲ ਖੁਰਦ (ਕੁਮਾਰ, ਪਰਮਜੀਤ, ਖੁੱਲਰ, ਦਲਜੀਤ) : ਜ਼ਿਲ੍ਹਾ ਫਿਰੋਜ਼ਪੁਰ 'ਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ’ਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਲਾਈ ਗਈ ਪਾਬੰਦੀ ਦੇ ਬਾਵਜੂਦ ਕਈ ਪਿੰਡਾਂ ’ਚ ਕਿਸਾਨਾਂ ਵੱਲੋਂ ਖੇਤਾਂ ’ਚ ਪਰਾਲੀ ਸਾੜੀ ਜਾ ਰਹੀ ਹੈ। ਇਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 17 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਰਣਧੀਰ ਕੁਮਾਰ ਨੇ ਦੱਸਿਆ ਕਿ ਪਿੰਡ ਵਾੜਾ ਭਾਈ ਕਾ, ਫਿਰੋਜ਼ਸ਼ਾਹ, ਪਿੰਡ ਖਵਾਜਾ ਖੜਕ, ਪਿੰਡ ਗੁਲਾਬ ਸਿੰਘ ਵਾਲਾ, ਪਿੰਡ ਮਿਰਜੇ ਕੇ, ਪਿੰਡ ਗਾਮਾ ਮੁਰਾਦਾ, ਫਤਿਹਗੜ੍ਹ ਸਭਰਾ ’ਚ ਪਰਾਲੀ ਸਾੜਨ ਦੇ ਦੋਸ਼ ਹੇਠ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਘੱਲ ਖੁਰਦ, ਥਾਣਾ ਮੱਖੂ, ਥਾਣਾ ਲੱਖੂ ਕੇ ਬਹਿਰਾਮ ਅਤੇ ਮੱਲਾਂਵਾਲਾ ’ਚ ਕੇਸ ਦਰਜ ਕੀਤੇ ਗਏ ਹਨ।

ਐੱਸ. ਪੀ. ਰਣਧੀਰ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਸਰਕਾਰ ਵੱਲੋਂ ਦਿੱਤੀਆਂ ਮਸ਼ੀਨਾਂ ਨਾਲ ਹੀ ਪਰਾਲੀ ਦਾ ਪ੍ਰਬੰਧਨ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਜ਼ਹਿਰੀਲਾ ਧੂੰਆਂ ਮਰੀਜ਼ਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਘਾਤਕ ਸਿੱਧ ਹੋ ਰਿਹਾ ਹੈ।


Babita

Content Editor

Related News