180 ਲੀਟਰ ਲਾਹਣ, 10 ਬੋਤਲਾਂ ਨਾਜਾਇਜ਼ ਸ਼ਰਾਬ ਤੇ 1 ਚਾਲੂ ਭੱਠੀ ਬਰਾਮਦ, ਮਾਮਲਾ ਦਰਜ
Monday, Jul 29, 2024 - 04:11 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਗਸ਼ਤ ਅਤੇ ਚੈਕਿੰਗ ਦੌਰਾਨ 180 ਲੀਟਰ ਲਾਹਣ, 10 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 1 ਚਾਲੂ ਭੱਠੀ ਬਰਾਮਦ ਕੀਤੀ ਹੈ। ਇਸ ਸਬੰਧ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 2 ਲੋਕਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ 'ਚ ਇਲਾਕੇ ਬਾਲਕੀ ਵਾਲਾ ਖੂਹ ਪਾਸ ਪੁੱਜੇ ਤਾਂ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੁਖਦੇਵ ਸਿੰਘ ਪੁੱਤਰ ਢੋਹਲਾ ਵਾਸੀ ਬਸਤੀ ਕਾਲੌਨੀ ਮਰਲੇ ਦਾਖਲੀ ਪਿੰਡ ਪੀਰ ਅਹਿਮਦ ਖਾਂ ਨਾਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦਾ ਆਦੀ ਹੈ।
ਉਸ ਨੇ ਆਪਣੇ ਕਮਰੇ ਅੰਦਰ ਭੱਠੀ ਲਗਾਈ ਹੋਈ ਹੈ, ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕੀਤੀ ਗਈ ਤਾਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਮੌਕੇ ’ਤੇ 1 ਚਾਲੂ ਭੱਠੀ, 140 ਲੀਟਰ ਲਾਹਣ ਅਤੇ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸੇ ਹੀ ਥਾਣੇ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਪਿੰਡ ਅਲੀ ਕੇ ਪਾਸ ਪੁੱਜੇ ਤਾਂ ਇਸ ਦੌਰਾਨ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਫੱਤੂ ਵਾਲਾ ਨਾਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦਾ ਆਦੀ ਹੈ।
ਜੋ ਹੁਣ ਵੀ ਦਰਿਆ ਸਤਲੁਜ ਦੇ ਸਰਕੰਡਿਆਂ ਵਿਚ ਨਾਜਾਇਜ਼ ਸ਼ਰਾਬ ਰੱਖ ਕੇ ਵੇਚ ਰਿਹਾ ਹੈ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਅਤੇ ਮੌਕੇ ’ਤੇ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।