ਚੰਡੀਗੜ੍ਹ : ਬੋਰੀ ''ਚ ਬੰਦ ਕਰਕੇ ਬੱਚੀ ਨੂੰ ਕੁੱਟ ਰਹੀ ਸੀ ਮਤਰੇਈ ਮਾਂ, ਭਰਾ ਨੇ ਦਿਵਾਈ ਕਰਨੀ ਦੀ ਸਜ਼ਾ (ਤਸਵੀਰਾਂ)

12/05/2017 8:38:47 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-29 'ਚ ਮਤਰੇਈ ਮਾਂ ਨੇ ਪੰਜ ਸਾਲਾ ਮਾਸੂਮ ਬੱਚੀ ਦੀ ਬੋਰੀ 'ਚ ਬੰਦ ਕਰਕੇ ਕੁੱਟਮਾਰ ਕੀਤੀ। ਭੈਣ ਦੀ ਮਤਰੇਈ ਮਾਂ ਵੱਲੋਂ ਕੁੱਟਮਾਰ ਨੂੰ ਬੱਚੀ ਦੇ ਭਰਾ ਨੇ ਮੋਬਾਇਲ 'ਚ ਕੈਦ ਕਰਕੇ ਵੀਡੀਓ ਆਪਣੇ ਪਿਤਾ ਨੂੰ ਦਿਖਾਈ। ਸੈਕਟਰ-29 ਨਿਵਾਸੀ ਪਿਤਾ ਮਨਮੋਹਨ ਸਿੰਘ ਨੇ ਵੀਡੀਓ ਦੇਖ ਕੇ ਮਾਮਲੇ ਦੀ ਸ਼ਿਕਾਇਤ ਸੈਕਟਰ-19 ਸਥਿਤ ਚਾਈਲਡ ਵੈੱਲਫੇਅਰ ਕਮੇਟੀ ਨੂੰ ਦਿੱਤੀ। ਉਨ੍ਹਾਂ ਨੇ ਚਾਈਲਡ ਵੈੱਲਫੇਅਰ ਕਮੇਟੀ ਨੂੰ ਬੱਚੀ ਨਾਲ ਮਤਰੇਈ ਮਾਂ ਵੱਲੋਂ ਕੀਤੀ ਕੁੱਟਮਾਰ ਦੀ ਵੀਡੀਓ ਦਿਖਾਈ। ਇਸ ਤੋਂ ਬਾਅਦ ਕਮੇਟੀ ਨੇ ਮਾਰਕੁੱਟ ਕਰਨ ਵਾਲੀ ਮਤਰੇਈ ਮਾਂ ਜਸਪ੍ਰੀਤ ਕੌਰ ਖਿਲਾਫ ਕਾਰਵਾਈ ਲਈ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਬੱਚੀ ਦੇ ਪਿਤਾ ਮਨਮੋਹਨ ਦੇ ਬਿਆਨਾਂ ਤੋਂ ਬਾਅਦ ਮਤਰੇਈ ਮਾਂ ਜਸਪ੍ਰੀਤ ਕੌਰ ਖਿਲਾਫ ਜੁਵੇਨਾਈਲ ਜਸਟਿਸ ਐਕਟ ਧਾਰਾ 75 ਤੇ ਆਈ. ਪੀ. ਸੀ. ਦੀ ਧਾਰਾ 323 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਹੈ ਮਾਮਲਾ
ਮਨਮੋਹਨ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਪਤਨੀ ਦੀ ਮੌਤ ਹੋ ਗਈ ਸੀ। ਉਸਦੇ ਇਕ ਬੇਟਾ ਤੇ ਪੰਜ ਸਾਲਾ ਬੇਟੀ ਹੈ। 2016 'ਚ ਮਨਮੋਹਨ ਨੇ ਬੱਚਿਆਂ ਦੀ ਦੇਖਭਾਲ ਲਈ ਸੈਕਟਰ-27 ਨਿਵਾਸੀ ਜਸਪ੍ਰੀਤ ਕੌਰ ਨਾਲ ਵਿਆਹ ਕੀਤਾ ਸੀ। ਜਸਪ੍ਰੀਤ ਕੌਰ ਦੀ ਵੀ ਪਹਿਲਾਂ ਇਕ ਬੇਟੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਕੰਮ 'ਤੇ ਚਲਿਆ ਜਾਂਦਾ ਸੀ ਤਾਂ ਪਿੱਛੋਂ ਉਸਦੀ ਪੰਜ ਸਾਲਾ ਬੇਟੀ ਦੀ ਜਸਪ੍ਰੀਤ ਕੌਰ ਕੁੱਟਮਾਰ ਕਰਦੀ ਸੀ। ਇਸ ਬਾਰੇ ਜਾਣਕਾਰੀ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਦਿੱਤੀ ਪਰ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ। ਫਿਰ ਬੇਟੇ ਨੇ ਆਪਣੀ ਭੈਣ ਦੀ ਕੁੱਟਮਾਰ ਦੀ ਵੀਡੀਓ ਮੋਬਾਇਲ ਫੋਨ 'ਚ ਕੈਦ ਕਰ ਲਈ।  ਪਹਿਲੀ ਵੀਡੀਓ 'ਚ ਜਸਪ੍ਰੀਤ ਬੱਚੀ ਨੂੰ ਬੋਰੀ 'ਚ ਪਾ ਕੇ ਕੁੱਟਮਾਰ ਕਰ ਰਹੀ ਹੈ, ਇਸ ਤੋਂ ਇਲਾਵਾ ਦੂਜੀ ਵੀਡੀਓ 'ਚ ਉਹ ਬੱਚੀ ਨੂੰ ਬੈੱਡ 'ਤੇ ਬੈਠਾ ਕੇ ਥੱਪੜ ਮਾਰ ਰਹੀ ਹੈ। ਉਸ ਸਮੇਂ ਬੱਚੀ ਦੇ ਪੈਰ 'ਤੇ ਫ੍ਰੈਕਚਰ ਸੀ। ਇਸ ਘਟਨਾ ਦੀ ਸ਼ਿਕਾਇਤ 'ਤੇ ਚਾਈਲਡ ਵੈੱਲਫੇਅਰ ਕਮੇਟੀ ਮਨਮੋਹਨ ਨੂੰ ਲੈ ਕੇ ਇੰਡਸਟ੍ਰੀਅਲ ਏਰੀਆ ਥਾਣੇ ਗਈ, ਜਿਥੇ ਚਾਈਲਡ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਨੇ ਮਨਮੋਹਨ ਸਿੰਘ ਤੋਂ ਉਸਦੀ ਦੂਜੀ ਪਤਨੀ ਜਸਪ੍ਰੀਤ ਕੌਰ ਖਿਲਾਫ ਬੱਚੀ ਨੂੰ ਬੇਰਹਿਮੀ ਨਾਲ ਕੁੱਟਣ ਨੂੰ ਲੈ ਕੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕਰਨ ਨੂੰ ਲੈ ਕੇ ਆਲ੍ਹਾ ਅਫਸਰਾਂ ਤੋਂ ਇਜਾਜ਼ਤ ਮੰਗੀ। ਮਾਰਕੁੱਟ ਦੀ ਵੀਡੀਓ ਦੇਖ ਕੇ ਅਫਸਰਾਂ ਨੇ ਜਸਪ੍ਰੀਤ ਕੌਰ ਖਿਲਾਫ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ। ਇੰਡਸਟ੍ਰੀਅਲ ਏਰੀਆ ਥਾਣਾ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਜਸਪ੍ਰੀਤ ਕੌਰ ਦੀ ਭਾਲ ਕਰ ਰਹੀ ਹੈ।
ਦੋ ਮਹੀਨਿਆਂ ਤੋਂ ਜਸਪ੍ਰੀਤ ਕੌਰ ਰਹਿ ਰਹੀ ਹੈ ਪੇਕੇ
ਸੈਕਟਰ-29 ਨਿਵਾਸੀ ਮਨਮੋਹਨ ਸਿੰਘ ਨੇ ਦੱਸਿਆ ਕਿ ਉਹ ਸੈਕਟਰ-29 ਦੀ ਮਾਰਕੀਟ 'ਚ ਸੂਪ ਦੀ ਰੇਹੜੀ ਲਾ ਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਹੈ। ਦੋ ਮਹੀਨੇ ਪਹਿਲਾਂ ਉਸਦੀ ਦੂਜੀ ਪਤਨੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਉਸਨੇ ਮੌਕੇ 'ਤੇ ਆ ਕੇ ਜਸਪ੍ਰੀਤ ਕੌਰ ਨੂੰ ਬਚਾ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਸਪ੍ਰੀਤ ਕੌਰ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਹੈ, ਜਿਸ ਦਾ ਇਲਾਜ ਜੀ. ਐੱਮ. ਸੀ. ਐੱਚ.-32 'ਚ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋ ਮਹੀਨਿਆਂ ਤੋਂ ਜਸਪ੍ਰੀਤ ਕੌਰ ਆਪਣੇ ਪੇਕੇ ਸੈਕਟਰ-27 'ਚ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਕੌਰ ਦੇ ਪਤੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ।


Related News