ਵਿਆਹੁਤਾ ਕੋਲੋਂ ਦਾਜ ਮੰਗਣ ਤੇ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਣ ਦੇ ਮਾਮਲੇ ''ਚ 4 ਖ਼ਿਲਾਫ਼ ਮਾਮਲਾ ਦਰਜ
Monday, Oct 18, 2021 - 03:32 PM (IST)
ਫਿਰੋਜ਼ਪੁਰ (ਆਨੰਦ) : ਵਿਆਹੁਤਾ ਕੋਲੋਂ ਦਾਜ ਮੰਗਣ ਅਤੇ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਣ ਦੋਸ਼ ਵਿਚ ਥਾਣਾ ਵੂਮੈਨ ਫਿਰੋਜ਼ਪੁਰ ਦੀ ਪੁਲਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ 4 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਰੇਨੂੰ ਸ਼ਰਮਾ ਪੁੱਤਰੀ ਦਰਸ਼ਨ ਲਾਲ ਵਾਸੀ ਫਿਰੋਜ਼ਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਮਾਪਿਆਂ ਨੇ ਉਸ ਦਾ ਵਿਆਹ ਪਰਵਿੰਦਰ ਸ਼ਰਮਾ ਪੁੱਤਰ ਕਸ਼ਮੀਰ ਲਾਲ ਨਾਲ ਸਾਲ 2018 ਨੂੰ ਰੀਤੀ-ਰਿਵਾਜ਼ਾਂ ਨਾਲ ਕੀਤਾ ਸੀ।
ਵਿਆਹ ਤੋਂ ਬਾਅਦ ਦੋਸ਼ੀ ਪਰਵਿੰਦਰ ਸ਼ਰਮਾ, ਸਹੁਰਾ ਕਸ਼ਮੀਰ ਲਾਲ ਪੁੱਤਰ ਹਰਬੰਸ ਲਾਲ, ਸੱਸ ਗੁਰਮੀਤ ਕੌਰ ਪਤਨੀ ਕਸ਼ਮੀਰ ਲਾਲ ਵਾਸੀਅਨ ਪਿੰਡ ਮੇਘਾ ਰਾਏ ਉਤਾੜ, ਗੀਤਾ ਰਾਣੀ ਉਰਫ਼ ਨਿੰਦਰ ਕੌਰ ਪਤਨੀ ਰਮੇਸ਼ ਲਾਲ ਵਾਸੀ ਪਿੰਡ ਬਾਜੀਦਪੁਰ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗੇ ਅਤੇ ਹੋਰ ਦਾਜ ਲਿਆਉਣ ਲਈ ਕਹਿਣ ਲੱਗੇ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਇਸ ਸਮੇਂ ਪੀੜਤਾ ਆਪਣੇ ਪੇਕੇ ਘਰ ਰਹਿ ਰਹੀ ਹੈ। ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੜਤਾਲ ਕਰਨ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।