ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ, ਪੁਲਸ ਨੇ ਪਰਚਾ ਕੀਤਾ ਦਰਜ
Tuesday, Feb 04, 2025 - 05:24 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪਿੰਡ ਭਲਾਈਆਣਾ ਦੇ ਇਕ ਵਿਅਕਤੀ ਉਮ ਪ੍ਰਕਾਸ਼ ਨੇ ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਦੇ ਸੰਬੰਧ ਵਿਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਦੋ ਮੁਲਜ਼ਮਾਂ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਵਿਅਕਤੀ ਦੀ ਪਤਨੀ ਸੁਖਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਪਿੰਡ ਭਲਾਈਆਣਾ ਵਿਖੇ ਕਾਪੀਆਂ ਕਿਤਾਬਾਂ ਦੀ ਦੁਕਾਨ ਕਰਦਾ ਸੀ ਤੇ 29 ਜਨਵਰੀ 2025 ਨੂੰ ਮੇਰੇ ਪਤੀ ਘਰੋਂ ਆਪਣੀ ਕਿਤਾਬਾਂ ਕਾਪੀਆਂ ਦੀ ਦੁਕਾਨ ’ਤੇ ਗਏ ਪਰ ਉਸ ਨੇ ਦੁਕਾਨ ਨਹੀਂ ਖੋਲ੍ਹੀ।
ਉਨ੍ਹਾਂ ਕਿਹ ਕਿ ਕਿਸੇ ਅਣਪਛਾਤੇ ਵਿਅਕਤੀ ਤੋਂ ਪਤਾ ਚੱਲਿਆ ਕਿ ਮੇਰੇ ਪਤੀ ਦਾ ਮੋਟਰਸਾਈਕਲ, ਮੋਬਾਈਲ, ਲੋਈ, ਬੂਟ ਸਰਹਿੰਦ ਫੀਡਰ ਨਹਿਰ ਕਿਨਾਰੇ ਪਿੰਡ ਥਾਂਦੇਵਾਲਾ ਕੋਲ ਪਏ ਹਨ, ਜਿਸ ਤੋਂ ਸਾਨੂੰ ਲੱਗਦਾ ਹੈ ਕਿ ਹੋ ਸਕਦਾ ਕਿ ਮੇਰੇ ਪਤੀ ਨੇ ਲੋਕਾਂ ਦੇ ਕਰਜ਼ੇ ਦੀ ਦੇਣਦਾਰੀ ਕਰਕੇ ਤੰਗ ਆ ਕੇ ਨਹਿਰ ਵਿਚ ਛਾਲ ਮਾਰ ਦਿੱਤੀ ਹੋਵੇ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਫਾਈਨਾਂਸ ਪ੍ਰਾਈਵੇਟ ਲਿਮਟਿਡ ਕੰਪਨੀ ਤੋਂ ਲੋਨ ਲਿਆ ਸੀ । ਕੰਪਨੀ ਦੇ ਮੁਲਾਜ਼ਮ ਨਰਿੰਦਰ ਸਿੰਘ ਤੇ ਧਰਮਿੰਦਰ ਸਿੰਘ ਚੋਟੀਆਂ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਤੇ ਵਾਰ ਵਾਰ ਫੋਨ ਕਰ ਕੇ ਧਮਕੀਆਂ ਦਿੰਦੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਮ ਪ੍ਰਕਾਸ਼ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਪਰ ਅਜੇ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ।