ਸੱਸ ਨਾਲ ਕੁੱਟ-ਮਾਰ ਕਰ ਕੀਤੀ ਭੰਨ-ਤੋੜ, 4 ਨਾਮਜ਼ਦ
Monday, Mar 26, 2018 - 08:27 AM (IST)
ਮੋਗਾ (ਆਜ਼ਾਦ) - ਪਿੰਡ ਬੁੱਧ ਸਿੰਘ ਵਾਲਾ ਨਿਵਾਸੀ ਵਿਧਵਾ ਔਰਤ ਨੇ ਆਪਣੀ ਨੂੰਹ ਤੇ ਉਸ ਦੇ ਪੇਕੇ ਵਾਲਿਆਂ 'ਤੇ ਘਰ 'ਚ ਦਾਖਲ ਹੋ ਕੇ ਉਸ ਦੀ ਕੁੱਟ-ਮਾਰ ਕਰਨ ਦੇ ਇਲਾਵਾ ਘਰ 'ਚ ਪਏ ਸਾਮਾਨ ਦੀ ਭੰਨ-ਤੋੜ ਕਰਨ ਦੇ ਦੋਸ਼ ਲਾਏ ਹਨ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਅਮਰਜੀਤ ਕੌਰ ਨੇ ਕਿਹਾ ਕਿ ਉਸ ਦੇ ਬੇਟੇ ਸਤਵੰਤ ਸਿੰਘ ਦਾ ਵਿਆਹ 22 ਨਵੰਬਰ, 2011 ਨੂੰ ਸਰਬਜੀਤ ਕੌਰ ਪੁੱਤਰੀ ਮੱਘਰ ਸਿੰਘ ਨਿਵਾਸੀ ਪਿੰਡ ਭਗਤਾ ਭਾਈਕਾ ਨਾਲ ਹੋਇਆ ਸੀ, ਉਨ੍ਹਾਂ ਦਾ ਇਕ ਲੜਕਾ ਵੀ ਹੈ। ਵਿਆਹ ਤੋਂ ਬਾਅਦ ਮੇਰਾ ਲੜਕਾ ਵਿਦੇਸ਼ ਚਲਾ ਗਿਆ ਸੀ। ਮੇਰੇ ਬੇਟੇ ਦੇ ਜਾਣ ਤੋਂ ਬਾਅਦ ਨੂੰਹ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗੀ ਤੇ ਕਈ ਵਾਰ ਉਸ ਨੇ ਮੇਰੀ ਕੁੱਟ-ਮਾਰ ਕੀਤੀ। ਇਸ ਸਬੰਧੀ ਮੈਂ ਆਪਣੇ ਲੜਕੇ ਤੇ ਉਨ੍ਹਾਂ ਦੇ ਸਹੁਰੇ ਪਰਿਵਾਰ ਨੂੰ ਵੀ ਦੱਸਿਆ ਪਰ ਬੀਤੀ 14 ਮਾਰਚ ਨੂੰ ਜਦ ਉਹ ਘਰ 'ਚ ਇਕੱਲੀ ਸੀ ਤਾਂ ਮੇਰੀ ਨੂੰਹ ਸਰਬਜੀਤ ਕੌਰ, ਉਸ ਦਾ ਭਰਾ ਗੁਰਨਾਮ ਸਿੰਘ, ਜੱਗੀ ਸਿੰਘ ਨਿਵਾਸੀ ਪਿੰਡ ਭਗਤਾ ਭਾਈਕਾ ਅਤੇ ਮੇਰੀ ਨੂੰਹ ਦਾ ਮਮੇਰਾ ਭਰਾ ਪ੍ਰਗਟ ਸਿੰਘ ਤੇ ਇਕ ਅਣਪਛਾਤੇ ਵਿਅਕਤੀ ਨੂੰ ਨਾਲ ਲੈ ਕੇ ਕਾਰ 'ਚ ਸਾਡੇ ਘਰ ਪੁੱਜੇ। ਉਨ੍ਹਾਂ ਆਉਂਦਿਆਂ ਹੀ ਘਰ ਦੇ ਦਰਵਾਜ਼ੇ ਤੋੜ ਦਿੱਤੇ ਤੇ ਮੇਰੀ ਕੁੱਟ-ਮਾਰ ਕੀਤੀ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਸਾਮਾਨ ਦੀ ਭੰਨ-ਤੋੜ ਕੀਤੀ। ਮੈਂ ਬਹੁਤ ਮੁਸ਼ਕਲ ਨਾਲ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਕੇ ਆਪਣੀ ਜਾਨ ਬਚਾਈ, ਜਿਸ 'ਤੇ ਮੈਂ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਕਥਿਤ ਹਮਲਾਵਰ ਉਥੋਂ ਧਮਕੀਆਂ ਦਿੰਦੇ ਹੋਏ ਭੱਜ ਗਏ। ਪੀੜਤ ਔਰਤ ਨੇ ਕਿਹਾ ਕਿ ਪਹਿਲਾਂ ਵੀ ਮੇਰੀ ਕੁੱਟ-ਮਾਰ ਕਰਨ 'ਤੇ ਮੈਂ ਬਾਘਾਪੁਰਾਣਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ ਇਲਾਵਾ 181 'ਤੇ ਵੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਕਿਹਾ ਕਿ ਘਰੇਲੂ ਮਾਮਲਾ ਹੋਣ ਕਾਰਨ ਪਹਿਲਾਂ ਸਾਡੀ ਰਾਜ਼ੀਨਾਮੇ ਦੀ ਗੱਲਬਾਤ ਚੱਲਦੀ ਰਹੀ ਪਰ ਰਾਜ਼ੀਨਾਮਾ ਨਾ ਹੋਣ 'ਤੇ ਮੈਂ ਪੁਲਸ ਨੂੰ ਸੂਚਿਤ ਕੀਤਾ।
ਉਕਤ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੀੜਤ ਅਮਰਜੀਤ ਕੌਰ ਪਤਨੀ ਸਵ. ਗੁਰਸੇਵਕ ਸਿੰਘ ਦੀ ਸ਼ਿਕਾਇਤ 'ਤੇ ਨੂੰਹ ਸਰਬਜੀਤ ਕੌਰ, ਗੁਰਨਾਮ ਸਿੰਘ, ਜੱਗੀ ਸਿੰਘ, ਪ੍ਰਗਟ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਘਰ 'ਚ ਦਾਖਲ ਹੋ ਕੇ ਕੁੱਟ-ਮਾਰ ਕਰਨ, ਭੰਨ-ਤੋੜ ਕਰਨ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
