ਖੇਤੀ ਕਾਨੂੰਨਾਂ ਦੀ ਲੜਾਈ ਕੇਂਦਰ ਤੋਂ ਵੀ ਵਧ ਉਨ੍ਹਾਂ ਦੀ ਪਿੱਠ ਥਾਪੜਨ ਵਾਲੀਆਂ ਵਿੱਤੀ ਸੰਸਥਾਵਾਂ ਨਾਲ: ਉਗਰਾਹਾਂ
Tuesday, Jun 08, 2021 - 09:41 PM (IST)
ਨਵੀਂ ਦਿੱਲੀ/ਭਵਾਨੀਗੜ੍ਹ(ਕਾਂਸਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਿੱਲੀ ਦੇ ਟਿਕਰੀ ਬਾਰਡਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੰਬੋਧਨ ਕੀਤਾ ਗਿਆ। ਸੰਬੋਧਨ ਦੌਰਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਹ ਖੇਤੀ ਕਾਨੂੰਨਾਂ ਦੀ ਲੜਾਈ ਕੇਂਦਰ ਦੀ ਭਾਜਪਾ ਸਰਕਾਰ ਨਾਲ ਤਾਂ ਹੈ ਹੀ ਪਰ ਇਸ ਤੋਂ ਵੀ ਵਧ ਕੇ ਜੋ ਵਿੱਤੀ ਸੰਸਥਾਵਾਂ ਇਨ੍ਹਾਂ ਦੀ ਪਿੱਠ ਥਾਪੜ ਰਹੀਆਂ ਹਨ ਉਨ੍ਹਾਂ ਨਾਲ ਹੈ। ਜਿਵੇਂ ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਅਤੇ ਦੁਨੀਆ ਦੇ ਸਾਮਰਾਜੀ ਮੁਲਕਾਂ ਦੇ ਕਾਰਪੋਰੇਟ ਘਰਾਣਿਆਂ ਨਾਲ ਸਿਰੇ ਦੀ ਲੜਾਈ ਹੈ। ਇਹ ਵੱਡੀਆਂ ਤਾਕਤਾਂ ਜਿਹੜੀਆਂ ਆਪਣੇ ਹਿੱਤਾਂ ਦੀ ਪੂਰਤੀ ਲਈ ਵਿਕਾਸਸ਼ੀਲ ਅਤੇ ਅਣਵਿਕਸਿਤ ਮੁਲਕਾਂ 'ਤੇ ਵਿਕਾਸ ਦੇ ਨਾਂ 'ਤੇ ਨੀਤੀਆਂ ਲਾਗੂ ਕਰਦੇ ਹਨ। ਇਸ ਕਰਕੇ ਹੀ ਜਦੋਂ ਤੋਂ ਇਹ ਕਾਲੇ ਕਾਨੂੰਨ ਭਾਰਤ ਦੀ ਮੋਦੀ ਸਰਕਾਰ ਲੈ ਕੇ ਆਈ ਹੈ। ਇਸ ਤੋਂ ਪਹਿਲਾਂ ਵੀ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ਾਂ 'ਚ ਕਿਸਾਨ ਆਗੂਆਂ ਵਲੋਂ ਇਹ ਹੀ ਕਿਹਾ ਜਾਂਦਾ ਰਿਹਾ ਹੈ ਕਿ ਇਹ ਲੜਾਈ ਲੰਬੀ ਹੈ। ਇਨ੍ਹਾਂ ਤਾਕਤਾਂ ਦੇ ਵਿਰੁੱਧ ਲੜਨ ਲਈ ਮਾਨਸਿਕ ਤੌਰ 'ਤੇ ਤਿਆਰ ਹੋ ਕੇ ਲੜਨ ਦੀ ਲੋੜ ਹੈ।
ਇਹ ਵੀ ਪੜ੍ਹੋ- ਦਰਦਨਾਕ : ਨਹਿਰ 'ਚ ਡੁੱਬਿਆ ਪਰਿਵਾਰ, ਲੋਕਾਂ ਨੇ ਛਾਲਾਂ ਮਾਰ ਮਾਂ-ਪੁੱਤ ਨੂੰ ਕੱਢਿਆ, ਤੇਜ਼ ਵਹਾਅ 'ਚ ਰੁੜ੍ਹਿਆ ਪਿਤਾ
ਨੌਜਵਾਨ ਆਗੂ ਸਰਬਜੀਤ ਮੌੜ ਨੇ ਕਿਸਾਨ ਸੰਘਰਸ਼ ਨੂੰ ਕਿਰਤ ਅਤੇ ਸਿੱਖਿਆ ਨਾਲ ਜੋੜਦਿਆਂ ਨੌਜਵਾਨਾਂ ਨੂੰ ਕਿਹਾ ਕਿ ਜਿਵੇਂ ਭਾਰਤ ਦੀਆਂ ਹਾਕਮ ਜਮਾਤਾਂ ਖੇਤੀ ਕਿੱਤੇ ਨੂੰ ਉਜਾੜਨ ਦੇ ਰਾਹ ਪਈਆਂ ਹੋਈਆਂ ਹਨ। ਇਸੇ ਤਰ੍ਹਾਂ ਕਿਰਤ ਕਾਨੂੰਨਾਂ ਅਤੇ ਸਿੱਖਿਆ ਨੀਤੀ 'ਚ ਸੋਧ ਕਰਕੇ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਬਣਾ ਕੇ ਆਉਣ ਵਾਲੀ ਪੀੜ੍ਹੀ ਨੂੰ ਗਿਆਨ ਅਤੇ ਰੁਜ਼ਗਾਰ ਵਿਹੁਣੇ ਕਰਕੇ ਉਨ੍ਹਾਂ ਦੀ ਲੁੱਟ ਦਾ ਕੁਹਾੜਾ ਤੇਜ਼ ਕਰ ਰਹੀਆਂ ਹਨ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੀ ਕੱਲ੍ਹ 9 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੱਲ੍ਹ ਦੀ ਸਟੇਜ ਜਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਮੁਜਾਰੇ ਕਿਸਾਨਾਂ 'ਚ ਵੰਡਣ ਵਾਲੀ ਹਥਿਆਰਬੰਦ ਕਿਸਾਨ ਬਗਾਵਤ ਦੀ ਅਗਵਾਈ ਕਰਨ ਅਤੇ ਮੁਗਲ ਰਾਜਸ਼ਾਹੀ ਦੇ ਜ਼ੁਲਮਾਂ ਵਿਰੁੱਧ ਟੱਕਰਨ ਲਈ ਮਜ਼ਲੂਮ ਲੋਕਾਈ ਨੂੰ ਖੜ੍ਹੇ ਕਰ ਲੈਣ ਵਾਲੇ ਯੋਧੇ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗੀ।
ਦਿੱਲੀ ਤੋਂ ਪਹੁੰਚੇ ਮਜ਼ਦੂਰ ਸੈੱਲ ਦੇ ਆਗੂ ਪਾਲਾ ਰਾਮ ਨੇ ਕਿਹਾ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਜੇ ਇਹ ਕਾਨੂੰਨ ਲਾਗੂ ਹੁੰਦੇ ਹਨ ਤਾਂ ਮਜ਼ਦੂਰਾਂ ਤੇ ਵੀ ਇਨ੍ਹਾਂ ਦਾ ਅਤਿ ਮਾੜਾ ਪ੍ਰਭਾਵ ਪਵੇਗਾ। ਜਨਤਕ ਵੰਡ ਪ੍ਰਣਾਲੀ ਦੇ ਤਹਿਤ ਮਜ਼ਦੂਰਾਂ ਨੂੰ ਮਿਲ ਰਹੀਆਂ ਖ਼ੁਰਾਕੀ ਵਸਤਾਂ ਅਤੇ ਸਹੂਲਤਾਂ ਬੰਦ ਹੋ ਜਾਣਗੀਆ।
ਇਹ ਵੀ ਪੜ੍ਹੋ- ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਪੁਲਸ ਦਾ ਤਸ਼ੱਦਦ, ਵਰ੍ਹਾਈਆਂ ਡਾਂਗਾਂ (ਤਸਵੀਰਾਂ)
ਦਿੱਲੀ ਤੋਂ ਬਲਜਿੰਦਰ ਸਿੰਘ ਬਾਜਵਾ ਮੀਤ ਰਾਸ਼ਟਰੀ ਉਪਦਿਕਸ਼ ਜਥੇਬੰਦੀ ਦੇ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸਟੇਜ ਤੋਂ ਪ੍ਰਭਾਵਿਤ ਹੋ ਕੇ ਜਥੇਬੰਦੀ ਨੂੰ ਸਲਾਮ ਕਰਦਿਆਂ ਕਿਹਾ ਅਸੀਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਇਕੱਠਾਂ 'ਚ ਗਏ ਹਾਂ ਪਰ ਇਸ ਜਥੇਬੰਦੀ ਦਾ ਜਾਬਤਾ ਬਹੁਤ ਵਧੀਆ ਹੈ। ਅਸੀਂ ਵੀ ਇਸ ਤੋਂ ਸੇਧ ਲੈ ਕੇ ਚੱਲਾਂਗੇ। ਸਟੇਜ ਸੰਚਾਲਨ ਦੀ ਭੂਮਿਕਾ ਮਨਪਰੀਤ ਬਹੋਨਾ ਨੇ ਬਾਖੂਬੀ ਨਿਭਾਈ ਅਤੇ ਹਰਜੀਤ ਸਿੰਘ ਮਹਿਲਾ ਚੌਂਕ,ਗੁਰਦੇਵ ਸਿੰਘ ਕਿਸ਼ਨਪੁਰਾ,ਗੁਰਤੇਜ ਸਿੰਘ ਖੁੱਡੀਆਂ ਅਤੇ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।