ਫਿਰੋਜ਼ਪੁਰ ਦੇ ਉੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

Thursday, Jun 18, 2020 - 08:51 AM (IST)

ਫਿਰੋਜ਼ਪੁਰ ਦੇ ਉੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਇਕ ਉੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਸਰਕਾਰੀ ਤੌਰ 'ਤੇ ਬੇਸ਼ੱਕ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਉਕਤ ਅਧਿਕਾਰੀ ਕੌਣ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਡਿਊਟੀ ਪੂਰੀ ਲਗਨ ਤੇ ਈਮਾਨਦਾਰੀ ਨਾਲ ਕਰਦੇ ਇਸ ਉੱਚ ਅਧਿਕਾਰੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ 'ਚ ਖਲਬਲੀ ਮਚ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਅਧਿਕਾਰੀ ਦੇ ਸੰਪਰਕ 'ਚ ਡੀ. ਸੀ. ਦਫਤਰ, ਫਿਰੋਜ਼ਪੁਰ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਰਹੇ ਹਨ ਅਤੇ ਡਿਊਟੀ ਦੌਰਾਨ ਉਕਤ ਉੱਚ ਅਧਿਕਾਰੀ ਨਾਲ ਕਈ ਜੱਥੇਬੰਦੀਆਂ ਦੇ ਆਗੂ ਵੀ ਮੰਗ ਪੱਤਰ ਦੇਣ ਲਈ ਮੁਲਾਕਾਤ ਕਰਦੇ ਰਹੇ ਹਨ। ਇਸ ਅਧਿਕਾਰੀ ਦੇ ਸੰਪਰਕ 'ਚ ਰਹੇ ਉਨ੍ਹਾਂ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੀ ਇਕਾਂਤਵਾਸ ਕਰਨਾ ਪੈ ਸਕਦਾ ਹੈ। ਸੂਤਰਾਂ ਮੁਤਾਬਕ ਇਸ ਅਧਿਕਾਰੀ ਨੂੰ ਪਿਛਲੇ ਕੁਝ ਦਿਨਾਂ ਤੋਂ ਜਿਨ੍ਹਾਂ ਜੱਥੇਬੰਦੀਆਂ ਦੇ ਆਗੂਆਂ ਨੇ ਮੰਗ ਪੱਤਰ ਸੌਂਪੇ ਹਨ, ਉਨ੍ਹਾਂ ਲੋਕਾਂ ਨੂੰ ਵੀ ਆਪਣਾ ਕੋਰੋਨਾ ਟੈਸਟ ਕਰਵਾ ਲੈਣਾ ਚਾਹੀਦਾ ਹੈ।
 


author

Babita

Content Editor

Related News