ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਘੇਰੀ ਖੇਡ ਮੰਤਰੀ ਦੀ ਕੋਠੀ

Sunday, Dec 15, 2019 - 02:49 PM (IST)

ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਘੇਰੀ ਖੇਡ ਮੰਤਰੀ ਦੀ ਕੋਠੀ

ਫਿਰੋਜ਼ਪੁਰ (ਸੋਨੂੰ) - ਪਿਛਲੇ ਤਿੰਨ ਮਹੀਨਿਆਂ ਤੋਂ ਸੰਘਰਸ਼ ਕਾਰਨ ਚਰਚਾ 'ਚ ਆਏ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਰੋਸ ਮਾਰਚ ਕਰਦੇ ਹੋਏ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਕੋਠੀ ਅੱਗੇ ਰੋਸ-ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਉਪਰੰਤ ਅਧਿਆਪਕਾਂ ਨੇ ਖੇਡ ਮੰਤਰੀ ਦੇ ਨਿੱਜੀ ਸਹਾਇਕ ਨੂੰ ਮੰਗ-ਪੱਤਰ ਵੀ ਸੌਂਪਿਆ। ਈ.ਟੀ.ਟੀ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਬੀ.ਐੱਡ.ਅਧਿਆਪਕ ਆਗੂ.ਬਲਵੰਤ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰੀ ਅਤੇ ਉੱਚ ਸਿੱਖਿਆ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ 18 ਦਸੰਬਰ ਦੀ ਕੈਬਨਿਟ ਮੀਟਿੰਗ 'ਚ ਬੇਰੁਜ਼ਗਾਰ ਟੈੱਟ ਅਧਿਆਪਕਾਂ ਦੀ ਮੰਗਾਂ ਦਾ ਏਜੰਡਾ ਲਿਆਂਦਾ ਜਾਵੇਗਾ। 

PunjabKesari

ਉਨ੍ਹਾਂ ਕਿਹਾ ਕਿ 18 ਦਸੰਬਰ ਨੂੰ ਮਸਲਿਆਂ ਦਾ ਹੱਲ ਨਾ ਹੋਣ 'ਤੇ 25 ਦਸੰਬਰ ਨੂੰ ਸੰਗਰੂਰ ਵਿਖੇ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਮੁੱਖ ਮੰਗਾਂ 'ਚ ਬੀਐੱਡ ਅਧਿਆਪਕਾਂ ਦੀ ਭਰਤੀ ਲਈ ਗ੍ਰੈਜੂਏਸ਼ਨ 'ਚੋਂ 55 ਫੀਸਦੀ ਅਤੇ ਈ.ਟੀ.ਟੀ. ਦੀ ਭਰਤੀ ਲਈ ਗ੍ਰੈਜੂਏਸ਼ਨ ਦੀ ਸ਼ਰਤ ਖਤਮ ਕਰਨਾ, ਬੀ.ਐੱਡ ਦੀਆਂ 15 ਹਜ਼ਾਰ ਅਤੇ ਈ.ਟੀ.ਟੀ. ਦੀਆਂ 12 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਵਾਉਣਾ, ਉਮਰ ਹੱਦ 37 ਤੋਂ 42 ਸਾਲ ਕਰਨਾ ਸ਼ਾਮਲ ਹੈ। ਇਸ ਮੌਕੇ ਰਵਿੰਦਰ ਅਬੋਹਰ, ਗੁਰਪ੍ਰੀਤ ਫਾਜ਼ਿਲਕਾ, ਸੁਰਜੀਤ ਚਪਾਤੀ, ਕੁਲਵਿੰਦਰ ਸਾਮਾ,ਲੇਖ ਸਿੰਘ, ਰਮਨ, ਛਿੰਦਰ ਰੁਕਣਾ ਆਦਿ ਮੌਜੂਦ ਸਨ। 


author

rajwinder kaur

Content Editor

Related News