ਪੈਰਾਂ ਹੇਠ ਪਾਣੀ ਤੇ ਸਿਰ 'ਤੇ ਧੁੱਪ, 35°C ਪਾਰੇ 'ਚ ਝੁਲਸ ਰਹੇ ਨੇ 'ਨੰਨ੍ਹੇ ਪੈਰ' (ਵੀਡੀਓ)

Wednesday, Aug 21, 2019 - 03:41 PM (IST)

ਫਿਰੋਜ਼ਪੁਰ (ਬਿਊਰੋ) - ਪੰਜਾਬ 'ਚ ਪਏ ਸੋਕੇ ਤੋਂ ਬਾਅਦ ਆਏ ਮਾਨਸੂਨ ਨੇ ਜਿੱਥੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਘਰਾਂ ਦੀਆਂ ਛੱਤਾਂ 'ਤੇ ਚੜ੍ਹਨ ਨੂੰ ਮਜ਼ਬੂਰ ਕਰ ਦਿੱਤਾ ਹੈ, ਉਥੇ ਹੀ 35 ਡਿਗਰੀ ਪਾਰੇ 'ਚ ਮਾਸੂਮ ਬੱਚੇ ਲੂਸਦੀ ਗਰਮੀਂ 'ਚ ਆਪਣੇ ਪੈਰ ਸਾੜ ਰਹੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਫਿਰੋਜ਼ਪੁਰ ਦੇ ਪਿੰਡ ਜਮਾਲੀਵਾਲ ਵਿਖੇ, ਜਿੱਥੇ ਬਰਸਾਤ ਦਾ ਮੌਸਮ ਤਾਂ ਦੇਖਣ ਨੂੰ ਨਹੀਂ ਮਿਲ ਰਿਹਾ ਪਰ 35 ਡਿਗਰੀ ਸੈਲਸੀਅਸ ਦੇ ਕਰੀਬ ਦੀ ਪੈ ਰਹੀ ਗਰਮੀਂ 'ਚ ਪਿੰਡ ਦੇ ਲੋਕ ਛੱਤਾਂ ਉਪਰ ਰਹਿਣ ਲਈ ਮਜ਼ਬੂਰ ਹੋ ਰਹੇ ਹਨ। ਪਾਣੀ ਤੋਂ ਬਚਣ ਲਈ ਛੱਤਾਂ 'ਤੇ ਗਰਮੀਂ 'ਚ ਰਹਿ ਰਹੇ ਮਾਸੂਮ ਬੱਚਿਆਂ ਦੇ ਪੈਰਾਂ 'ਚ ਪਾਉਣ ਲਈ ਚੱਪਲਾਂ ਵੀ ਨਹੀਂ ਹਨ, ਜਿਸ ਕਾਰਨ ਉਨ੍ਹਾਂ ਦੇ ਪੈਰ ਧੁੱਪ 'ਚ ਸੜ ਰਹੇ ਹਨ। ਘਰਾਂ ਦੀਆਂ ਛੱਤਾਂ 'ਤੇ ਰੱਖੇ ਸਾਮਾਨ 'ਤੇ ਲੋਕਾਂ ਨੇ ਤਰਪਾਲਾਂ ਪਾ ਕੇ ਰੱਖਿਆਂ ਹੋਈਆਂ ਹਨ ਤਾਂਕਿ ਮੀਂਹ ਅਤੇ ਤੇਜ਼ ਪੈ ਰਹੀ ਧੁੱਪ ਤੋਂ ਉਨ੍ਹਾਂ ਦਾ ਬਚਾਅ ਕੀਤਾ ਜਾ ਸਕੇ। ਉਕਤ ਲੋਕਾਂ ਨੇ ਛੱਤਾਂ 'ਤੇ ਚੁੱਲਾ ਬਣਾ ਕੇ ਆਪਣੇ ਲਈ ਰੋਟੀ ਬਣਾਉਣ ਦਾ ਇੰਤਜ਼ਾਮ ਕੀਤਾ ਹੋਇਆ ਹੈ। ਪਰਿਵਾਰ ਵਾਲੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਗਰਮੀਂ ਤੋਂ ਬਚਾਉਣ ਲਈ ਪੱਖੀ ਚੱਲ ਰਹੇ ਹਨ।

ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਛੱਤਾਂ 'ਤੇ ਰਹਿ ਰਹੇ ਲੋਕਾਂ ਨੇ 'ਜਗਬਾਣੀ' ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੋਟਾਂ ਦੇ ਸਮੇਂ ਬਹੁਤ ਸਾਰੇ ਲੀਡਰ ਕਈ ਤਰ੍ਹਾਂ ਦੇ ਵਾਅਦੇ ਕਰਕੇ ਉਨ੍ਹਾਂ ਦੀਆਂ ਸਮੱਸਿਆ ਨੂੰ ਹੱਲ ਕਰਨ ਦੀ ਗੱਲ ਕਹਿ ਕੇ ਚਲੇ ਜਾਂਦੇ ਹਨ ਪਰ ਉਨ੍ਹਾਂ ਵਾਅਦਿਆਂ ਨੂੰ ਪੂਰਾ ਕੋਈ ਨਹੀਂ ਕਰਦਾ। ਘਰਾਂ 'ਚ ਪਾਣੀ ਆ ਜਾਣ 'ਤੇ ਵੀ ਉਨ੍ਹਾਂ ਦਾ ਹਾਲ ਜਾਨਣ ਅਤੇ ਮਦਦ ਕਰਨ ਲਈ ਅਜੇ ਤੱਕ ਉਨ੍ਹਾਂ ਕੋਲ ਕੋਈ ਨਹੀਂ ਆਇਆ, ਜਿਸ ਕਾਰਨ ਉਹ ਗਰਮੀਂ 'ਚ ਰਹਿ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਗੁਜ਼ਾਰਾਂ ਕਰ ਰਹੇ ਹਨ।


author

rajwinder kaur

Content Editor

Related News